ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੁਲਾਈ
ਦੇਸ਼ ਦੀਆਂ ਅਹਿਮ ਮਹਿਲਾ ਜਥੇਬੰਦੀਆਂ ਨੇ ਔਰਤਾਂ ਵੱਲੋਂ ਅੱਜ ਚਲਾਈ ਜਾ ਰਹੀ ਕਿਸਾਨ-ਸੰਸਦ ਅਤੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਜੰਤਰ-ਮੰਤਰ ਕੋਲ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਗ੍ਰਿਫ਼ਤਾਰੀਆਂ ਦਿੱਤੀਆਂ। ਪ੍ਰਗਤੀਸ਼ੀਲ ਮਹਿਲ ਸੰਗਠਨ, ਸਵਾਸਤਿਕ ਮਹਿਲਾ ਸੰਗਠਨ, ਸੀਐੱਡਬਲਿਊ, ਐੱਨਐੱਫਆਈਡਬਲਿਊ ਤੇ ਏਆਈਡੀਡਬਲਿਊਏ ਦੀਆਂ ਕਾਰਕੁਨਾਂ ਨੇ ‘ਮਹਿਲਾ ਕਿਸਾਨਾਂ ਦਾ ਦਿੱਲੀ ’ਚ ਸਵਾਗਤ ਹੈ’, ‘ਦਿੱਲੀ ਦੇ ਲੋਕ ਕਿਸਾਨਾਂ ਦੇ ਨਾਲ ਹਨ’, ‘ਪੂੰਜੀਪਤੀਆਂ ਦਾ ਨਹੀਂ, ਭਾਰਤ ਸਾਡਾ ਹੈ’, ‘ਮੋਦੀ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਾਏ। ਮਹਿਲਾ ਜਥੇਬੰਦੀਆਂ ਨੇ ਮੰਗ ਕੀਤੀ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੇ ਕਿਸਾਨਾਂ ਦੀਆਂ ਹੋਰ ਮੰਗਾਂ ਤੁਰੰਤ ਮੰਨੀਆਂ ਜਾਣ। ਦਿੱਲੀ ਪੁਲੀਸ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਬਾਰਾਂਖੰਭਾ ਰੋਡ ਥਾਣੇ ਲੈ ਗਈ ਜਿੱਥੇ ਕੁੱਝ ਦੇਰ ਹਿਰਾਸਤ ਵਿੱਚ ਰੱਖਣ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਪ੍ਰਦਰਸ਼ਨਕਾਰੀ ਔਰਤਾਂ ਨੇ ਕਿਹਾ ਕਿ ਅੱਜ ਦਾ ਦਿਨ ਦੇਸ਼ ਦੀਆਂ ਔਰਤਾਂ ਲਈ ਸ਼ਾਨਦਾਰ ਦਿਨ ਹੈ। ਜੰਤਰ-ਮੰਤਰ ’ਤੇ ਚੱਲ ਰਹੀ ‘ਕਿਸਾਨ-ਸੰਸਦ’ ਵਿੱਚ ਕਿਸਾਨੀ ਸੰਘਰਸ਼ ਨਾਲ ਮੋਢਾ ਜੋੜਦੇ ਹੋਏ 200 ਕਿਸਾਨ ਔਰਤਾਂ ਨੇ ਅੱਜ ਦੀ ਇਹ ਸੰਸਦ ਸਾਰਾ ਦਿਨ ਚਲਾਈ। ਮਹਿਲਾ ਕਾਰਕੁਨਾਂ ਨੇ ਕਿਹਾ ਕਿ ਉਨ੍ਹਾਂ ਦਾ ਇਹ ਕਦਮ ਵਿਸ਼ਾਲ ਸੰਘਰਸ਼ ਵਿੱਚ ਔਰਤਾਂ ਦੀ ਜ਼ਬਰਦਸਤ ਭੂਮਿਕਾ ਤੇ ਭਾਰਤ ਦੇ ਖੇਤੀ ਖੇਤਰ ’ਚ ਉਨ੍ਹਾਂ ਦੀ ਅਹਿਮੀਅਤ ਨੂੰ ਉਜਾਗਰ ਕਰਦਾ ਹੈ। ਕਰੀਬ ਦਰਜਨ ਮਹਿਲਾ ਕਾਰਕੁਨਾਂ ਨੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਗ੍ਰਿਫ਼ਤਾਰੀਆਂ ਦਿੱਤੀਆਂ।