ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਦਸੰਬਰ
ਦਿੱਲੀ ਦੇ ਟਿਕਰੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਸਵਰਾਜ ਇੰਡੀਆ ਦੇ ਮੋਢੀ ਯੋਗੇਂਦਰ ਯਾਦਵ ਨੇ ਪਾਸ ਕੀਤੇ ਤਿੰਨ ਖੇਤੀ ਕਾਨੂੰਨ, ਬਿਜਲੀ ਬਿੱਲ-2020 ਅਤੇ ਪ੍ਰਦੂਸ਼ਣ ਬਾਰੇ ਨਵੇਂ ਕਾਨੂੰਨ ਨੂੰ ਕਿਸਾਨਾਂ ਉਪਰ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਬੱਝਵਾਂ ਹਮਲਾ ਕਰਾਰ ਦਿੱਤਾ। ਸ੍ਰੀ ਯਾਦਵ ਨੇ ਦੋਸ਼ ਲਾਇਆ ਕਿ ਉਪਰੋਕਤ ਹਮਲਾ ਵੀ ਮੋਦੀ ਸਰਕਾਰ ਵੱਲੋਂ ‘ਨੋਟਬੰਦੀ’ ਨਾਲ ਆਮ ਲੋਕਾਂ ’ਤੇ ਸ਼ੁਰੂ ਕੀਤੇ ਆਰਥਿਕ ਹੱਲੇ ਦੀ ਅਗਲੀ ਕੜੀ ਹੈ, ਜੋ ਕੋਵਿਡ-19 ਸੰਕਟ ਦੌਰਾਨ ਹੋਰ ਬੇਕਿਰਕ ਹੋ ਗਿਆ।
ਇਸ ਦੌਰਾਨ ਟਿਕਰੀ ਬਾਰਡਰ ’ਤੇ ਅੱਜ 11 ਔਰਤਾਂ ਨੇ ਭੁੱਖ ਹੜਤਾਲ ਕੀਤੀ। ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਇਹ ਧਰਨੇ ‘ਖ਼ੁਦਕੁਸ਼ੀਆਂ ਨਹੀਂ ਸੰਗਰਾਮ’ ਦੇ ਨਾਅਰੇ ਦਾ ਨਿਸ਼ਚਾ ਬਰਕਰਾਰ ਰੱਖਣ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਮੋਦੀ ਹਕੂਮਤ ਸਾਮਰਾਜੀਆਂ ਦੀ ਝੋਲੀ ਚੁੱਕ ਬਣੀ ਹੋਈ ਹੈ। ਇਸ ਲਈ ਲੋਕ ਵਿਰੋਧੀ ਖੇਤੀ ਕਾਨੂੰਨ ਲਾਗੂ ਕਰਨ ’ਤੇ ਉਤਾਰੂ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਸਾਮਰਾਜ ਤੋਂ ਮੁਕਤੀ ਤਕ ਜਾਰੀ ਰੱਖਣ। ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਨਾਟਕ ‘ਉੱਠਣ ਦਾ ਵੇਲਾ’ ਤੇ ਲੋਕ ਕਲਾ ਮੰਚ ਮਾਨਸਾ ਵੱਲੋਂ ਮਨਜੀਤ ਔਲਖ ਦੀ ਨਿਰਦੇਸ਼ਨਾ ਹੇਠ ਨਾਟਕ ‘ਐਂ ਕੌਣ ਖੋਹ ਲਊ ਜ਼ਮੀਨਾਂ ਸਾਡੀਆਂ’ ਦਾ ਮੰਚਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਕਾਨੂੰਨਾਂ ਵਿੱਚ ਤਜਵੀਜ਼ਤ ਸੋਧਾਂ ਨੂੰ ਪ੍ਰਵਾਨ ਕਰਨ ਦਾ ਕੋਈ ਅਰਥ ਨਹੀਂ ਬਣਦਾ ਕਿਉਂਕਿ ਇਨ੍ਹਾਂ ਸੋਧਾਂ ਨਾਲ ਉਸ ਮੰਤਵ ’ਤੇ ਕੋਈ ਆਂਚ ਨਹੀਂ ਪਹੁੰਚਦੀ, ਜਿਸ ਦੇ ਲਈ ਇਹ ਲਿਆਂਦੇ ਗਏ ਹਨ। ਸੋਧਾਂ ਰਾਹੀਂ ਕੋਈ ਮਦਾਂ ਜੋੜ ਦੇਣ ਜਾਂ ਕੱਟ ਦੇਣ ਨਾਲ ਕਾਰਪੋਰੇਟ ਜਗਤ ਉੱਪਰ ਖੇਤੀ ਫ਼ਸਲਾਂ ਦੇ ਵਪਾਰ ’ਚ ਦਾਖ਼ਲੇ ’ਤੇ ਕੋਈ ਰੋਕ ਨਹੀਂ ਲੱਗਣੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਰੇਲ ਰੋਕੋ ਐਕਸ਼ਨ ਦੇ ਸੌ ਦਿਨ ਪੂਰੇ ਹੋਣ ਮੌਕੇ ਉਨ੍ਹਾਂ ਦੀ ਜਥੇਬੰਦੀ ਵੱਲੋਂ ਹੁਣ ਟੌਲ ਪਲਾਜ਼ਿਆਂ ਤੇ ਸ਼ਾਪਿੰਗ ਮਾਲਾਂ ਦੇ ਘਿਰਾਓ ਐਕਸ਼ਨ ਕੀਤੇ ਜਾਣਗੇ।