ਆਗਰਾ, 27 ਅਕਤੂਬਰ
ਇੱਥੇ ਐਤਮਾਦਪੁਰ ਖੇਤਰ ਵਿੱਚ ਇਕ ਵਿਆਹ ਸਮਾਰੋਹ ਦੌਰਾਨ ਮਠਿਆਈ ਘਟਣ ਕਰ ਕੇ ਹੋਈ ਲੜਾਈ ਵਿੱਚ ਇਕ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ ਪੰਜ ਹੋਰ ਜਣੇ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਪੁਲੀਸ ਅਨੁਸਾਰ ਇਹ ਘਟਨਾ ਬੁੱਧਵਾਰ ਰਾਤ ਨੂੰ ਮੁਹੱਲਾ ਸ਼ੇਖਾਂ ਦੇ ਵਸਨੀਕ ਉਸਮਾਨ ਦੀ ਧੀ ਦੇ ਵਿਆਹ ਸਮਾਰੋਹ ਵਿੱਚ ਵਾਪਰੀ। ਪੁਲੀਸ ਨੇ ਦੱਸਿਆ ਕਿ ਸਮਾਰੋਹ ਵਿੱਚ ਰਸਗੁੱਲੇ ਘਟਣ ਕਰ ਕੇ ਲਾੜੇ ਅਤੇ ਲਾੜੀ ਵਾਲੇ ਪਾਸੇ ਦੇ ਲੋਕਾਂ ਵਿਚਾਲੇ ਬਹਿਸ ਹੋ ਗਈ। ਐਤਮਾਦਪੁਰ ਦੇ ਸਰਕਲ ਅਫਸਰ ਰਵੀ ਕੁਮਾਰ ਗੁਪਤਾ ਨੇ ਪੀਟੀਆਈ ਨੂੰ ਦੱਸਿਆ, ‘‘ਮਠਿਆਈ ਦੀ ਘਾਟ ਨੂੰ ਲੈ ਕੇ ਸ਼ੁਰੂ ਹੋਈ ਬਹਿਸ ਲੜਾਈ ਵਿੱਚ ਤਬਦੀਲ ਹੋ ਗਈ ਅਤੇ ਇਕ ਵਿਅਕਤੀ ਨੇ ਮੇਜ਼ਬਾਨ ਧਿਰ ਦੇ ਲੋਕਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸੰਨੀ (22) ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾਂ ਕਮਿਊਨਿਟੀ ਸਿਹਤ ਕੇਂਦਰ ਲਿਜਾਇਆ ਗਿਆ ਅਤੇ ਫਿਰ ਉਸ ਨੂੰ ਆਗਰਾ ਦੇ ਸਰੋਜਨੀ ਨਾਇਡੂ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਇਸ ਹਮਲੇ ’ਚ ਪੰਜ ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਐਤਮਾਦਪੁਰ ਦੇ ਕਮਿਊਨਿਟੀ ਸਿਹਤ ਕੇਂਦਰ ਭੇਜਿਆ ਗਿਆ ਹੈ।’’
ਪੀੜਤ ਦੇ ਪਰਿਵਾਰ ਵੱਲੋਂ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਅਜੇ ਤਾਈਂ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਸ੍ਰੀ ਗੁਪਤਾ ਨੇ ਦੱਸਿਆ, ‘‘ਪੀੜਤ ਦੇ ਪਰਿਵਾਰ ਦੀ ਸ਼ਿਕਾਇਤ ਮੁਤਾਬਕ ਕਾਰਵਾਈ ਕੀਤੀ ਜਾਵੇਗੀ।’’ -ਪੀਟੀਆਈ