ਨਵੀਂ ਦਿੱਲੀ: ਕਾਂਗਰਸ ਨੇ ਅੱਜ ਅਗਨੀਪਥ ਭਰਤੀ ਯੋਜਨਾ ਨੂੰ ਮਰਹੂਮ ਸੀਡੀਐੱਸ ਜਨਰਲ ਬਿਪਿਨ ਰਾਵਤ ਦਾ ਅਪਮਾਨ ਦੱਸਿਆ ਜੋ ਫੌਜੀਆਂ ਤੇ ਫੌਜੀ ਅਧਿਕਾਰੀਆਂ ਦੀ ਸੇਵਾਮੁਕਤੀ ਦੀ ਉਮਰ ਹੱਦ ਵਧਾਉਣਾ ਚਾਹੁੰਦੇ ਸਨ। ਕਾਂਗਰਸ ਦੇ ਜਨਰਲ ਸਕੱਤਰ ਅਜੈ ਮਾਕਨ ਨੇ ਕਿਹਾ ਕਿ ਦੇਸ਼ ਦੇ ਪਹਿਲੇ ਰੱਖਿਆ ਸਟਾਫ ਦੇ ਮੁਖੀ (ਸੀਡੀਐੱਸ) ਬਿਪਿਨ ਰਾਵਤ ਨੇ ਫੌਜੀਆਂ ਦੀ ਸੇਵਾਮੁਕਤੀ ਦੀ ਉਮਰ 58 ਸਾਲ ਕਰਨ ਦੀ ਪੈਰਵੀ ਕੀਤੀ ਸੀ। ਮਾਕਨ ਨੇ ਕਿਹਾ, ‘ਉਨ੍ਹਾਂ (ਜਨਰਲ ਰਾਵਤ) ਦਾ ਕਹਿਣਾ ਸੀ ਕਿ ਇਹ ਉਮਰ ਜਵਾਨਾਂ ਨੂੰ ਦੇਸ਼ ਦੀ ਸੇਵਾ ਵਧੀਆ ਢੰਗ ਨਾਲ ਕਰਨ ’ਚ ਮਦਦ ਕਰੇਗੀ। ਕੀ ਅਗਨੀਪਥ ਯੋਜਨਾ ਜਨਰਲ ਰਾਵਤ ਦੇ ਵਿਚਾਰਾਂ ਦਾ ਅਪਮਾਨ ਨਹੀਂ ਹੈ?’ ਉਨ੍ਹਾਂ ਕਿਹਾ, ‘ਜਦੋਂ ਜਨਰਲ ਰਾਵਤ ਦਾ ਅਜਿਹਾ ਕਹਿਣਾ ਸੀ ਤਾਂ ਕੀ ਸੈਨਾਵਾਂ ਦੇ ਮੁਖੀ ਜਨਰਲ ਰਾਵਤ ਦੀ ਪਹੁੰਚ ਦੇ ਖ਼ਿਲਾਫ਼ ਹਨ? ਕੀ ਸਰਕਾਰ ਜਨਰਲ ਰਾਵਤ ਦੀ ਤਜਵੀਜ਼ ਨੂੰ ਮੰਨ ਰਹੀ ਹੈ?’ ਉਨ੍ਹਾਂ ਕਿਹਾ, ‘ਜਨਰਲ ਰਾਵਤ ਫੌਜੀਆਂ ਦੀ ਸੇਵਾਮੁਕਤੀ ਦੀ ਉਮਰ 58 ਸਾਲ ਕਰਨਾ ਚਾਹੁੰਦੇ ਸਨ ਪਰ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਫੌਜੀਆਂ ਨੂੰ ਚਾਰ ਸਾਲ ਦੀ ਸੇਵਾ ਮਗਰੋਂ ਸੇਵਾਮੁਕਤ ਕਰਨ ਜਾ ਰਹੀ ਹੈ। ਇਹ ਸ਼ਰਮ ਦੀ ਗੱਲ ਹੈ। ਘੱਟੋ ਘੱਟ ਮਰਹੂਮ ਜਨਰਲ ਰਾਵਤ ਦੇ ਵਿਚਾਰਾਂ ਤੇ ਪਹੁੰਚ ਦੀ ਬੇਇੱਜ਼ਤੀ ਨਾ ਕਰੋ।’ ਉਨ੍ਹਾਂ ਕਿਹਾ ਕਿ ਏਸੀ ਕਮਰਿਆਂ ’ਚ ਬੈਠ ਕੇ ਅਫਸਰ ਯੋਜਨਾਵਾਂ ਬਣਾਉਂਦੇ ਹਨ ਤੇ ਫਿਰ ਸਿਆਸੀ ਆਗੂਆਂ ਨੂੰ ਇਨ੍ਹਾਂ ਦਾ ਬਚਾਅ ਕਰਨ ਲਈ ਆਖਦੇ ਹਨ। -ਪੀਟੀਆਈ