ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 21 ਜੂਨ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਅਗਨੀਪਥ ਸਕੀਮ ਵਾਪਸ ਨਹੀਂ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਖਾਕੇ ਵਿੱਚ ਵੱਡੀ ਤਬਦੀਲੀ ਨਾਲ ਭਾਰਤ ਨੂੰ ਹਥਿਆਰਬੰਦ ਬਲਾਂ ਵਿੱਚ ਬਦਲਾਅ ਦੀ ਲੋੜ ਹੈ ਤਾਂ ਕਿ ‘ਨੌਜਵਾਨ ਰਾਸ਼ਟਰ ਦੀ ਨੌਜਵਾਨ ਫੌਜ’ ਹੋ ਸਕੇ।
ਡੋਵਾਲ ਨੇ ਕਿਹਾ, ‘‘ਜੰਗ ਦੇ ਵਿਚਾਰ ਵਿੱਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ। ਤੁਹਾਨੂੰ ਅਦਿੱਖ ਦੁਸ਼ਮਣ ਨਾਲ ਬਿਨਾਂ ਹਥਿਆਰਾਂ ਨੂੰ ਹੱਥ ਲਾਏ ਲੜਨਾ ਹੋਵੇਗਾ। ਤਕਨਾਲੋਜੀ ਤੇਜ਼ ਰਫ਼ਤਾਰ ਨਾਲ ਹਰ ਚੀਜ਼ ਨੂੰ ਆਪਣੇ ਕਲਾਵੇ ਵਿੱਚ ਲੈ ਰਹੀ ਹੈ। ਸਾਨੂੰ ਕੱਲ੍ਹ ਲਈ ਤਿਆਰੀ ਕਰਨੀ ਹੋਵੇਗੀ।’’ ਡੋਵਾਲ ਨੇ ਕਿਹਾ ਕਿ ਜਮਹੂਰੀਅਤ ਵਿੱਚ ਪ੍ਰਦਰਸ਼ਨਾਂ ਦਾ ਕਾਨੂੰਨੀ ਹੱਕ ਹੈ, ਪਰ ਹਿੰਸਾ ਨੂੰ ਕਿਸੇ ਵੀ ਰੂਪ ’ਚ ਤਰਕਸੰਗਤ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਨੂੰਨ, ਹਿੰਸਾ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਜਲਦੀ ਹੀ ਕਾਬੂ ਕਰ ਲਏਗਾ। ਡੋਵਾਲ ਨੇ ਕਿਹਾ ਕਿ ਚੀਨ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਅਵੱਗਿਆ ਨੂੰ ਭਾਰਤ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਲੋਕ ਹੁਣ ਪਾਕਿਸਤਾਨ ਜਾਂ ਅਤਿਵਾਦ ਦੀ ਤਰਫ਼ਦਾਰੀ ਨਹੀਂ ਕਰਦੇ।