ਮੁੰਬਈ, 18 ਜੂਨ
‘ਅਗਨੀਪਥ’ ਯੋਜਨਾ ਖ਼ਿਲਾਫ਼ ਹਿੰਸਕ ਵਿਰੋਧ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਅੱਜ ਵਿਰੋਧੀ ਧਿਰਾਂ ਉਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ‘ਪੱਖਪਾਤੀ ਮਾਨਸਿਕਤਾ’ ਵਾਲੇ ਕੁਝ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਆਪਣੀ ‘ਸਿਆਸੀ ਐਲਰਜੀ ਦੇ ਪਾਗਲਪਨ’ ਨੂੰ ਦੇਸ਼ ਦੇ ਨੌਜਵਾਨਾਂ ਦੀ ਸਾਕਾਰਾਤਮਕ ਊਰਜਾ ਰਾਹੀਂ ਇਕ ਸਾਜ਼ਿਸ਼ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਰੌਸ਼ਨ ਭਵਿੱਖ ਦੇ ‘ਸਹੀ ਰਾਸਤੇ’ ਵਿਚ ਕਿਸੇ ਵੀ ‘ਤਬਾਹਕੁਨ ਅੜਿੱਕੇ’ ਨੂੰ ਨਹੀਂ ਆਉਣ ਦੇਣਾ ਚਾਹੀਦਾ। ਘੱਟਗਿਣਤੀਆਂ ਮਾਮਲਿਆਂ ਬਾਰੇ ਮੰਤਰੀ ਇੱਥੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਉਤੇ ਮਹਾਰਾਸ਼ਟਰ ਤੋਂ ਹੱਜ ਯਾਤਰੀਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਮੀਡੀਆ ਨਾਲ ਗੱਲ ਕਰ ਰਹੇ ਸਨ। -ਪੀਟੀਆਈ