ਨਵੀਂ ਦਿੱਲੀ, 11 ਜੁਲਾਈ
ਆਗਾਮੀ ਮੌਨਸੂਨ ਇਜਲਾਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੇ ਅੱਜ ਸੰਸਦੀ ਕਮੇਟੀ ਨੂੰ ‘ਅਗਨੀਪਥ’ ਸਕੀਮ ਬਾਰੇ ਸੰਖੇਪ ਜਾਣਕਾਰੀ ਦਿੱਤੀ। ਹਾਲਾਂਕਿ ਕਮੇਟੀ ਵਿੱਚ ਸ਼ਾਮਲ ਵਿਰੋਧੀ ਪਾਰਟੀਆਂ ਦੇ ਛੇ ਮੈਂਬਰਾਂ ਨੇ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਇਸ ਨਵੀਂ ਸਕੀਮ ’ਤੇ ਮੁੜ ਸੋਚ-ਵਿਚਾਰ ਕਰਨ ਤੇ ਇਸ ਨੂੰ ਵਾਪਸ ਲਏ ਜਾਣ ਦੀ ਮੰਗ ਕੀਤੀ। ਦੋ ਘੰਟੇ ਦੀ ਮੀਟਿੰਗ ਦੌਰਾਨ ਰੱਖਿਆ ਬਾਰੇ ਸੰਸਦੀ ਸਲਾਹ-ਮਸ਼ਵਰਾ ਕਮੇਟੀ ਦੇ ਮੈਂਬਰਾਂ ਨੂੰ ਇਕ ਪੇਸ਼ਕਾਰੀ ਰਾਹੀਂ ‘ਅਗਨੀਪਥ’ ਸਕੀਮ ਬਾਰੇ ਦੱਸਿਆ ਗਿਆ। ਸਿੰਘ ਨੇ ਸਕੀਮ ਕਰਕੇ ਹਥਿਆਰਬੰਦ ਬਲਾਂ ਦਾ ਅਪਰੇਸ਼ਨਲ ਤਿਆਰੀਆਂ ’ਤੇ ਪੈਣ ਵਾਲੇ ਸੰਭਾਵੀ ਅਸਰ ਨਾਲ ਜੁੜੇ ਖ਼ਦਸ਼ਿਆਂ ਸਮੇਤ ਹੋਰਨਾਂ ਫਿਕਰਾਂ ਨੂੰ ਦੂਰ ਕਰਨ ਦੇ ਯਤਨ ਕੀਤੇ। ਤਿੰਨੋਂ ਸੈਨਾਵਾਂ ਦੇ ਮੁਖੀਆਂ ਨੇ ਵੀ ਸੰਸਦ ਮੈਂਬਰਾਂ ਨੂੰ ਸਕੀਮ ਬਾਰੇ ਦੱਸਿਆ। ਕਾਂਗਰਸ, ਐੱਨਸੀਪੀ, ਟੀਐੱਮਸੀ ਤੇ ਆਰਜੇਡੀ ਸਮੇਤ ਹੋੋਰਨਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਨਵੀਂ ਭਰਤੀ ਸਕੀਮ ਬਾਰੇ ਆਪਣੇ ਇਤਰਾਜ਼ ਰੱਖੇ ਤੇ ਸਕੀਮ ਵਾਪਸ ਲੈੇਣ ਦੀ ਮੰਗ ਕੀਤੀ। ਸੂਤਰਾਂ ਨੇ ਕਿਹਾ ਕਿ ਇਨ੍ਹਾਂ ਮੈਂਬਰਾਂ ਨੇ ਰੱਖਿਆ ਮੰਤਰੀ ਨੂੰ ਹੱਥ-ਲਿਖਤ ਨੋਟ ਦਿੰਦਿਆਂ ਸਰਕਾਰ ਨੂੰ ਇਸ ਸਕੀਮ ’ਤੇ ਮੁੜ ਸੋਚ ਵਿਚਾਰ ਕਰਨ ਦੀ ਅਪੀਲ ਕੀਤੀ। ਇਸ ਨੋਟ ’ਤੇ ਸਹੀ ਪਾਉਣ ਵਾਲੇ ਮੈਂਬਰਾਂ ਵਿੱਚ ਸ਼ਕਤੀਸਿੰਹ ਗੋਹਿਲ, ਰਜਨੀ ਪਾਟਿਲ (ਦੋਵੇਂ ਕਾਂਗਰਸ), ਸੁਪ੍ਰਿਆ ਸੂਲੇ (ਐੱਨਸੀਪੀ), ਸੌਗਾਤਾ ਰੌਏ ਤੇ ਸੁਦੀਪ ਬੰਧੋਪਾਧਿਆਏ (ਦੋਵੇਂ ਟੀਐੱਮਸੀ) ਤੇ ਏ.ਡੀ.ਸਿੰਘ (ਆਰਜੇਡੀ) ਸ਼ਾਮਲ ਹਨ। -ਪੀਟੀਆਈ
‘ਮਸਨੂਈ ਬੌਧਿਕਤਾ ਨਾਲ ਹੋਣ ਵਾਲੀ ਹਲਚਲ ਦੇ ਟਾਕਰੇ ਲਈ ਤਿਆਰੀ ਦੀ ਲੋੜ’
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਨੂੰ ਮਸਨੂਈ ਬੌਧਿਕਤਾ (ਏਆਈ) ਪ੍ਰਣਾਲੀ ਉੱਤੇ ‘ਬੇਹੱਦ ਸਾਵਧਾਨੀ’ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਸ ਤਕਨੀਕ ਤੋਂ ਹੋਣ ਵਾਲੀ ਨੀਤੀ ਸਬੰਧੀ, ਕਾਨੂੰਨੀ, ਰਾਜਨੀਤਕ ਅਤੇ ਆਰਥਿਕ ਹਲਚਲ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਸਿੰਘ ਇੱਥੇ ‘ਆਰਟੀਫੀਸ਼ੀਅਲ ਇੰਟੈਲੀਜੈਂਸ ਇਨ ਡਿਫੈਂਸ’ (ਰੱਖਿਆ ਖੇਤਰ ਵਿੱਚ ਮਸਨੂਈ ਬੌਧਿਕਤਾ) ਸੰਮੇਲਨ ਦਾ ਉਦਘਾਟਨ ਕਰਨ ਮੌਕੇ ਬੋਲ ਰਹੇ ਸਨ। -ਪੀਟੀਆਈ
ਅਗਨੀਪਥ ਖ਼ਿਲਾਫ਼ ਨੋਟ ’ਤੇ ਦਸਤਖਤ ਕਰਨ ਵਾਲਿਆਂ ’ਚ ਮਨੀਸ਼ ਤਿਵਾੜੀ ਸ਼ਾਮਲ ਨਹੀਂ
ਕਾਂਗਰਸ ਆਗੂ ਮਨੀਸ਼ ਤਿਵਾੜੀ, ਜਿਨ੍ਹਾਂ ਜਨਤਕ ਤੌਰ ’ਤੇ ਸਕੀਮ ਦੀ ਸ਼ਲਾਘਾ ਕੀਤੀ ਸੀ ਤੇ ਆਪਣੀ ਪਾਰਟੀ ਦੇ ਉਲਟ ਸਟੈਂਡ ਲਿਆ ਸੀ, ਸਹੀ ਪਾਉਣ ਵਾਲਿਆਂ ’ਚ ਸ਼ੁੁਮਾਰ ਨਹੀਂ ਸਨ। ਤਿਵਾੜੀ ਨੇ ਜਨਤਕ ਰੂਪ ਵਿੱਚ ਅਗਨੀਪਥ ਸਕੀਮ ਦੀ ਤਾਰੀਫ਼ ਕਰਦਿਆਂ ਇਸ ਨੂੰ ਹਥਿਆਰਬੰਦ ਬਲਾਂ ਵਿੱਚ ਅਤਿ-ਲੋੜੀਂਦਾ ਸੁਧਾਰ ਦੱਸਿਆ ਸੀ। ਕਾਂਗਰਸ ਨੇ ਹਾਲਾਂਕਿ ਇਸ ਨੂੰ ਤਿਵਾੜੀ ਦੇ ਨਿੱਜੀ ਵਿਚਾਰ ਦੱਸ ਕੇ ਦੂਰੀ ਬਣਾ ਲਈ ਸੀ।