ਨਵੀਂ ਦਿੱਲੀ, 14 ਜੁਲਾਈ
ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਭਾਜਪਾ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ ਬਾਰੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੀ ਆਲੋਚਨਾ ਕਰਨ ਨੂੰ ਲੈ ਕੇ ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਐੱਸਐੱਨ ਢੀਂਗਰਾ ਤੇ ਦੋ ਹੋਰਾਂ ਖ਼ਿਲਾਫ਼ ਹੱਤਕ ਦੀ ਕਾਰਵਾਈ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਐਡਵੋਕੇਟ ਸੀਆਰ ਜਯਾ ਸੁਕਿਨ ਨੇ ਏਜੀ ਨੂੰ ਪੱਤਰ ਲਿਖ ਕੇ ਸਾਬਕਾ ਜੱਜ ਢੀਂਗਰਾ, ਸਾਬਕਾ ਵਧੀਕ ਸੋਲੀਸਿਟਰ ਜਨਰਲ ਅਮਨ ਲੇਖੀ ਤੇ ਸੀਨੀਅਰ ਵਕੀਲ ਕੇ ਰਾਮਾ ਕੁਮਾਰ ਖ਼ਿਲਾਫ਼ ਹੱਤਕ ਦੀ ਕਾਰਵਾਈ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ ਸੀ ਜਿਨ੍ਹਾਂ ਨੇ ਨੂਪੁਰ ਸ਼ਰਮਾ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਕਥਿਤ ਤੌਰ ’ਤੇ ਗ਼ੈਰਜ਼ਿੰਮੇਵਾਰੀ ਵਾਲੀਆਂ, ਗ਼ੈਰਜ਼ਰੂਰੀ ਅਤੇ ਗਲਤ ਦੱਸਿਆ ਸੀ। ਵੇਣੂਗੋਪਾਲ ਨੇ ਕਿਹਾ ਕਿ ਤਿੰਨਾਂ ਜਣਿਆਂ ਵੱਲੋਂ ਦਿੱਤੇ ਗਏ ਬਿਆਨ ਨਾ ਤਾਂ ਹੱਤਕ ਵਾਲੇ ਸਨ ਅਤੇ ਨਾਲ ਹੀ ਉਨ੍ਹਾਂ ਨਾਲ ਨਿਆਂਇਕ ਪ੍ਰਕਿਰਿਆ ’ਚ ਦਖਲ ਪੈਣ ਦਾ ਕੋਈ ਖਦਸ਼ਾ ਸੀ। ਅਟਾਰਨੀ ਜਨਰਲ ਨੇ ਇੱਕ ਪੱਤਰ ’ਚ ਕਿਹਾ, ‘ਮੈਂ ਜਸਟਿਸ (ਸੇਵਾਮੁਕਤ) ਐੱਸਐੱਨ ਢੀਂਗਰਾ, ਅਮਨ ਲੇਖੀ ਤੇ ਸੀਨੀਅਰ ਵਕੀਲ ਕੇ ਰਾਮਾ ਕੁਮਾਰ ਖ਼ਿਲਾਫ਼ ਅਪਰਾਧਿਕ ਹੱਤਕ ਦੀ ਕਾਰਵਾਈ ਸ਼ੁਰੂ ਦੀ ਇਜਾਜ਼ਤ ਮੰਗਣ ਬਾਰੇ ਤੁਹਾਡੀ ਅਰਜ਼ੀ ’ਤੇ ਗੌਰ ਕੀਤਾ ਪਰ ਤਿੰਨਾਂ ਵਿਅਕਤੀਆਂ ਵੱਲੋਂ ਦਿੱਤੇ ਗਏ ਬਿਆਨ ਸੁਪਰੀਮ ਕੋਰਟ ਦੀ ਹੱਤਕ ਦੇ ਦਾਇਰੇ ’ਚ ਨਹੀਂ ਆਉਂਦੇ।’ -ਪੀਟੀਆਈ