ਆਗਰਾ/ ਲਖਨਊ, 19 ਅਗਸਤ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਫਾਇਨਾਂਸ ਕੰਪਨੀ ਦੇ ਰਿਕਵਰੀ ਏਜੰਟਾਂ ਨੇ ਬੁੱਧਵਾਰ ਸਵੇਰੇ 34 ਯਾਤਰੀਆਂ ਨਾਲ ਭਰੀ ਨਿੱਜੀ ਬੱਸ ਨੂੰ ‘ਅਗਵਾ’ ਕਰ ਲਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮਲਪੁਰਾ ਥਾਣਾ ਖੇਤਰ ਦੀ ਹੈ। ਬੱਸ ਹਰਿਆਣਾ ਦੇ ਗੁੜਗਾਉਂ ਤੋਂ ਮੱਧ ਪ੍ਰਦੇਸ਼ ਦੇ ਪੰਨਾ ਜਾ ਰਹੀ ਸੀ। ਆਗਰਾ ਦੇ ਸੀਨੀਅਰ ਪੁਲੀਸ ਕਪਤਾਨ ਬਬਲੂ ਕੁਮਾਰ ਨੇ ਦੱਸਿਆ ਕਿ ਬੱਸ ਵਿਚੋਂ ਉਤਰ ਕੇ ਆਏ ਤਿੰਨ ਵਿਅਕਤੀਆਂ ਨੇ ਪੁਲੀਸ ਨੂੰ ਦੱਸਿਆ ਕਿ ਫਾਇਨਾਂਸ ਕੰਪਨੀ ਦੇ ਕਰਮਚਾਰੀ ਬੱਸ ਵਿਚ ਸਵਾਰ ਹਨ। ਮੁੱਢਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਬੱਸ ਉਸ ਕੰਪਨੀ ਦੇ ਲੋਕ ਲੈ ਗਏ ਜਿਸ ਤੋਂ ਫਾਇਨਾਂਸ ਕਰਵਾਈ ਸੀ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬੱਸ ਦੀ ਭਾਲ ਲਈ ਪੁਲੀਸ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਇਸ ਦੌਰਾਨ ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਕੁਮਾਰ ਅਵਸਥੀ ਨੇ ਕਿਹਾ ਕਿ ਕੰਪਨੀ ਨੇ ਬੱਸ ਨੂੰ ਨਾਜਾਇਜ਼ ਢੰਗ ਨਾਲ ਕਬਜ਼ੇ ਵਿੱਚ ਲਿਆ ਹੈ। ਬੱਸ ਚਾਲਕ, ਕਰਮਚਾਰੀ ਅਤੇ ਯਾਤਰੀ ਸੁਰੱਖਿਅਤ ਹਨ। ਕੱਲ੍ਹ ਬੱਸ ਮਾਲਕ ਦੀ ਮੌਤ ਹੋ ਗਈ।