ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਐੱਮ ਜੇ ਅਕਬਰ ਨੇ ਇਥੋਂ ਦੀ ਅਦਾਲਤ ਨੂੰ ਦੱਸਿਆ ਕਿ ਪੱਤਰਕਾਰ ਪ੍ਰਿਯਾ ਰਮਾਨੀ ਵੱਲੋਂ ਉਸ ਖ਼ਿਲਾਫ਼ ‘ਝੂਠਾ ਅਤੇ ਇੱਜ਼ਤ ਹੱਤਕ ਵਾਲਾ ਬਿਆਨ’ ਦੇਣ ਮਗਰੋਂ ਹੋਰ ਵਿਅਕਤੀਆਂ ਨੇ ਉਸ ’ਤੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਅਤੇ ਮੀਡੀਆ ਨੇ ਉਨ੍ਹਾਂ ਨੂੰ ਦੁਹਰਾਇਆ। ਅਕਬਰ ਨੇ ਰਮਾਨੀ ਖ਼ਿਲਾਫ਼ ਦਾਖ਼ਲ ਅਪਰਾਧਕ ਮਾਣਹਾਨੀ ਦੀ ਸ਼ਿਕਾਇਤ ’ਚ ਅੰਤਿਮ ਸੁਣਵਾਈ ਦੌਰਾਨ ਵਧੀਕ ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਰਵਿੰਦਰ ਕੁਮਾਰ ਅੱਗੇ ਇਹ ਬਿਆਨ ਦਿੱਤੇ। ਰਮਾਨੀ ਨੇ ਦੋਸ਼ ਲਾਏ ਸਨ ਕਿ 20 ਸਾਲ ਪਹਿਲਾਂ ਅਕਬਰ ਨੇ ਪੱਤਰਕਾਰ ਰਹਿੰਦਿਆਂ ਉਸ ਨਾਲ ਦੁਰਵਿਹਾਰ ਕੀਤਾ ਸੀ। ਜਿਰ੍ਹਾ ਅਧੂਰੀ ਰਹਿਣ ਕਾਰਨ ਅਦਾਲਤ ਨੇ ਇਸ ਮਾਮਲੇ ’ਤੇ ਸੁਣਵਾਈ 12 ਜਨਵਰੀ ਲਈ ਮੁਲਤਵੀ ਕਰ ਦਿੱਤੀ ਹੈ। ਅਕਬਰ ਦੀ ਵਕੀਲ ਗੀਤਾ ਲੂਥਰਾ ਨੇ ਕਿਹਾ ਕਿ ਰਮਾਨੀ ਦੇ ਟਵੀਟ ਹੋਰ ਲੇਖਾਂ ਦਾ ਆਧਾਰ ਬਣੇ। ਵਕੀਲ ਨੇ ਕਿਹਾ ਕਿ ਉਹ ਅਦਾਲਤਾਂ ਦਾ ਰੁਖ਼ ਕੀਤੇ ਬਿਨਾਂ ਜਨਤਕ ਤੌਰ ’ਤੇ ਉਨ੍ਹਾਂ ਖ਼ਿਲਾਫ਼ ਬੇਬੁਨਿਆਦ ਮੁਕੱਦਮਾ ਕਿਵੇਂ ਚਲਾ ਸਕਦੇ ਹਨ। ਉਸ ਨੇ ਕਿਹਾ ਕਿ ਰਮਾਨੀ ਦੀ ਅਦਾਲਤੀ ਪ੍ਰਕਿਰਿਆ ਦਾ ਪਾਲਣ ਕਰਨ ਦੀ ਕੋਈ ਇੱਛਾ ਨਜ਼ਰ ਨਹੀਂ ਆਉਂਦੀ ਅਤੇ ਸੋਸ਼ਲ ਮੀਡੀਆ ’ਤੇ ਕਿਸੇ ਨੂੰ ਬੇਇੱਜ਼ਤ ਅਤੇ ਬਦਨਾਮ ਕਰਨਾ ਬਹੁਤ ਸੌਖਾ ਹੈ। ਲੂਥਰਾ ਨੇ ਕਿਹਾ ਕਿ ਸ੍ਰੀ ਅਕਬਰ ‘ਬੇਦਾਗ਼ ਹਸਤੀ’ ਹਨ ਅਤੇ ਰਮਾਨੀ ਦੇ ਦੋਸ਼ਾਂ ਨੇ ਉਨ੍ਹਾਂ ਦੀ ਦਿਖ ਨੂੰ ਢਾਹ ਲਾਈ ਹੈ। -ਪੀਟੀਆਈ