ਨਵੀਂ ਦਿੱਲੀ, 3 ਜੂਨ
ਪੁਣੇ ਆਧਾਰਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਸਰਕਾਰ ਤੋਂ ਕਾਨੂੰਨੀ ਕਾਰਵਾਈ ਤੋਂ ਰਾਹਤ ਦੀ ਮੰਗ ਕਰਦਿਆਂ ਆਸ ਪ੍ਰਗਟਾਈ ਹੈ ਕਿ ਨਿਯਮ ਸਾਰਿਆਂ ਲਈ ਇਕੋ ਜਿਹੇ ਹੋਣਗੇ। ਕੇਂਦਰ ਵੱਲੋਂ ਵਿਦੇਸ਼ੀ ਵੈਕਸੀਨ ਨਿਰਮਾਤਾਵਾਂ ਫਾਈਜ਼ਰ ਅਤੇ ਮੌਡਰਨਾ ਨੂੰ ਭਾਰਤ ’ਚ ਟੀਕੇ ਲਾਂਚ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕਿਸੇ ਕਾਨੂੰਨੀ ਦਾਅ-ਪੇਚ ’ਚ ਫਸਣ ਤੋਂ ਬਚਾਉਣ ਲਈ ਸਰਕਾਰ ਉਨ੍ਹਾਂ ਨੂੰ ਰਾਹਤ ਦੇਣ ’ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਮੁਤਾਬਕ ਕਰੋਨਾ ਤੋਂ ਬਚਾਅ ਦੀ ਕੋਵੀਸ਼ੀਲਡ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਨੇ ਸਰਕਾਰ ਨੂੰ ਕਿਹਾ ਹੈ ਕਿ ਸਾਰੇ ਵੈਕਸੀਨ ਨਿਰਮਾਤਾਵਾਂ, ਉਹ ਭਾਵੇਂ ਭਾਰਤੀ ਜਾਂ ਵਿਦੇਸ਼ੀ ਹੋਣ, ਨੂੰ ਇਕੋ ਜਿਹੀ ਸੁਰੱਖਿਆ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਵਿਦੇਸ਼ੀ ਕੰਪਨੀਆਂ ਨੂੰ ਕਾਨੂੰਨੀ ਕਾਰਵਾਈ ਖ਼ਿਲਾਫ਼ ਰਾਹਤ ਮਿਲਦੀ ਹੈ ਤਾਂ ਸਿਰਫ਼ ਸੀਰਮ ਇੰਸਟੀਚਿਊਟ ਨੂੰ ਹੀ ਨਹੀਂ ਸਗੋਂ ਬਾਕੀ ਸਫਾ ਸਾਰੀਆਂ ਵੈਕਸੀਨ ਕੰਪਨੀਆਂ ਨੂੰ ਇਹ ਰਾਹਤ ਮਿਲੇ। ਰਿਪੋਰਟਾਂ ਮੁਤਾਬਕ ਜੇਕਰ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਐਮਰਜੈਂਸੀ ਵਰਤੋਂ ਲਈ ਦਰਖਾਸਤ ਦਿੰਦੀਆਂ ਹਨ ਤਾਂ ਕੇਂਦਰ ਉਨ੍ਹਾਂ ਨੂੰ ਕਾਨੂੰਨੀ ਦਾਅ-ਪੇਚਾਂ ਤੋਂ ਰਾਹਤ ਦੇਣ ਬਾਰੇ ਵਿਚਾਰ ਕਰ ਰਿਹਾ ਹੈ। ਉਂਜ ਅਜੇ ਤੱਕ ਕਿਸੇ ਵੀ ਭਾਰਤੀ ਵੈਕਸੀਨ ਕੰਪਨੀ ਅਤੇ ਕੇਂਦਰ ਸਰਕਾਰ ਨੇ ਕੋਈ ਹਰਜਾਨਾ ਨਹੀਂ ਦਿੱਤਾ ਹੈ। ਸਰਕਾਰ ਨੇ ਵੈਕਸੀਨ ਦੇ ਕਿਸੇ ਵੀ ਮਾੜੇ ਅਸਰ ਲਈ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਜਾਂ ਹਰਜਾਨਾ ਮੰਗੇ ਜਾਣ ਤੋਂ ਸੁਰੱਖਿਆ ਦੀ ਅਜੇ ਕੋਈ ਗਾਰੰਟੀ ਨਹੀਂ ਦਿੱਤੀ ਹੈ। ਉਧਰ ਅਮਰੀਕਾ ਜਿਹੇ ਮੁਲਕਾਂ ਨੇ ਕਰੋਨਾ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਸੁਰੱਖਿਆ ਪ੍ਰਦਾਨ ਕਰਦਿਆਂ ਕਾਨੂੰਨੀ ਕਾਰਵਾਈ ਤੋਂ ਬਚਾਅ ਦੇ ਪ੍ਰਬੰਧ ਕੀਤੇ ਹਨ।
-ਆਈਏਐਨਐਸ
ਸਪੂਤਨਿਕ ਦੇ ਉਤਪਾਦਨ ਲਈ ਮਨਜ਼ੂਰੀ ਮੰਗੀ
ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਕਰੋਨਾ ਤੋਂ ਬਚਾਅ ਦੇ ਟੀਕੇ ਸਪੂਤਨਿਕ ਵੀ ਦੇ ਉਤਪਾਦਨ ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਕੋਲ ਦਰਖ਼ਾਸਤ ਦਿੱਤੀ ਹੈ। ਪੁਣੇ ਆਧਾਰਿਤ ਕੰਪਨੀ ਨੇ ਮਾਸਕੋ ਦੇ ਗਮਲੇਯਾ ਰਿਸਰਚ ਇੰਸਟੀਚਿਊਟ ਆਫ਼ ਐਪੀਡੈਮਿਓਲੋਜੀ ਐਂਡ ਮਾਈਕਰੋਬਾਇਓਲੋਜੀ ਨਾਲ ਮਿਲ ਕੇ ਆਪਣੇ ਹਡਪਸਰ ਇੰਸਟੀਚਿਊਟ ’ਚ ਸਪੂਤਨਿਕ ਵੀ ਵਿਕਸਤ ਕਰਨ ਦਾ ਫ਼ੈਸਲਾ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਸੀਰਮ ਨੇ 18 ਮਈ ਨੂੰ ਬਾਇਓਟੈਕਨਾਲੋਜੀ ਵਿਭਾਗ ਦੀ ਜੈਨੇਟਿਕ ਮੈਨੀਪੁਲੇਸ਼ਨ ਰਿਵੀਊ ਕਮੇਟੀ (ਆਰਸੀਜੀਐੱਮ) ਨੂੰ ਵੀ ਅਰਜ਼ੀ ਦੇ ਕੇ ਖੋਜ ਅਤੇ ਵਿਕਾਸ ਕਾਰਜਾਂ ਲਈ ਸਟਰੇਨ ਜਾਂ ਸੈੱਲ ਬੈਂਕਾਂ ਦੀ ਦਰਾਮਦ ਲਈ ਵੀ ਮਨਜ਼ੂਰੀ ਮੰਗੀ ਸੀ। ਆਰਸੀਜੀਐੱਮ ਨੇ ਸੀਰਮ ਦੀ ਅਰਜ਼ੀ ਦੇ ਸਬੰਧ ’ਚ ਕੁਝ ਸਵਾਲ ਕੀਤੇ ਹਨ ਅਤੇ ਪੁਣੇ ਸਥਿਤ ਕੰਪਨੀ ਅਤੇ ਗਮਲੇਯਾ ਇੰਸਟੀਚਿਊਟ ਵਿਚਕਾਰ ਹੋਏ ਸਮਝੌਤੇ ਦੀ ਕਾਪੀ ਵੀ ਮੰਗੀ ਹੈ। ਭਾਰਤ ’ਚ ਇਸ ਸਮੇਂ ਡਾਕਟਰ ਰੈਡੀਜ਼ ਲੈਬਾਰਟਰੀ ਵੱਲੋਂ ਰੂਸੀ ਟੀਕੇ ਸਪੂਤਨਿਕ ਵੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਸੀਰਮ ਇੰਸਟੀਚਿਊਟ ਪਹਿਲਾਂ ਹੀ ਸਰਕਾਰ ਨੂੰ ਦੱਸ ਚੁੱਕਾ ਹੈ ਕਿ ਉਹ ਜੂਨ ’ਚ 10 ਕਰੋੜ ਕੋਵੀਸ਼ੀਲਡ ਖੁਰਾਕਾਂ ਦਾ ਉਤਪਾਦਨ ਅਤੇ ਸਪਲਾਈ ਕਰੇਗਾ। ਉਹ ਨੋਵਾਵੈਕਸ ਟੀਕਾ ਵੀ ਬਣਾ ਰਿਹਾ ਹੈ। ਨੋਵਾਵੈਕਸ ਲਈ ਅਮਰੀਕੀ ਰੈਗੁਲੇਟਰ ਤੋਂ ਮਨਜ਼ੂਰੀ ਅਜੇ ਨਹੀਂ ਮਿਲੀ ਹੈ।
-ਪੀਟੀਆਈ