ਟ੍ਰਿਬਿਊਨ ਨਿਉਜ਼ ਸਰਵਿਸ
ਨਵੀਂ ਦਿੱਲੀ, 17 ਜੁਲਾਈ
ਪੰਜਾਬ ਕਾਂਗਰਸ ਕਮੇਟੀ ਕਿਸੇ ਵੇਲੇ ਵੀ ਕਾਂਗਰਸੀ ਆਗੂ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨ ਸਕਦੀ ਹੈ। ਇਸ ਸਬੰਧ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਂਦਾ ਵਿਰੋਧ ਵੀ ਖਤਮ ਹੋ ਗਿਆ ਹੈ। ਇਸੇ ਦੌਰਾਨ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਮਗਰੋਂ ਕਾਂਗਰਸ ਦੇ ਰਾਜ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਦਿੱਲੀ ਵਾਪਸ ਪਹੁੰਚ ਗਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਇਸ ਗਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਵਿਚਾਰਧਾਰਾ ’ਤੇ ਸਹਿਮਤੀ ਜਤਾਈ ਹੈ। ਸ੍ਰੀ ਰਾਵਤ ਨੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਨੂੰ ਲਾਹੇਵੰਦ ਦੱਸਿਆ। ਇਸੇ ਦੌਰਾਨ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਸਿੱਧੂ ਤੋਂ ਉਨਾਂ 150 ਇਤਰਾਜ਼ਯੋਗ ਸੁਨੇਹਿਆਂ ਬਾਰੇ ਮੁਆਫੀ ਮੰਗਣ ਲਈ ਕਿਹਾ ਜੋ ਕਿ ਉਨ੍ਹਾਂ ਨੇ ਮੁੱਖ ਮੰਤਰੀ (ਕੈਪਟਨ) ਨੂੰ ਨਿਸ਼ਨਾ ਬਣਾਉਂਦੇ ਹੋਏ ਟਵੀਟ ਕੀਤੇ ਸਨ। ਇਸ ਸਬੰਧ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ੍ਰੀ ਰਾਜਤ ਨੂੰ ਦੱਸਿਆ ਕਿ ਜਦੋਂ ਤੱਕ ਨਵਜੋਤ ਸਿੱਧੂ ਇਨ੍ਹਾਂ ਸੁਨੇਹਿਆਂ ਬਾਰੇ ਮੁਆਫੀ ਨਹੀਂ ਮੰਗਦਾ, ਉਹ ਸ੍ਰੀ ਸਿੱਧੂ ਨਾਲ ਮੁਲਾਕਾਤ ਨਹੀਂ ਕਰਨਗੇ।