ਨਵੀਂ ਦਿੱਲੀ, 13 ਅਕਤੂਬਰ
ਮੁੱਖ ਅੰਸ਼
- ਢਾਈ ਘੰਟੇ ਬਾਅਦ ਕੀਤਾ ਰਿਹਾਅ
- ਕੇਜਰੀਵਾਲ ਤੇ ਸਿਸੋਦੀਆ ਨੇ ਪੁਲੀਸ ਦੀ ਕਾਰਵਾਈ ਦਾ ਕੀਤਾ ਵਿਰੋਧ
ਆਮ ਆਦਮੀ ਪਾਰਟੀ ਦੀ ਗੁਜਰਾਤ ਇਕਾਈ ਦੇ ਮੁਖੀ ਗੋਪਾਲ ਇਟਾਲੀਆ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਥਿਤ ਟਿੱਪਣੀਆਂ ਨਾਲ ਸਬੰਧਤ ਮਾਮਲੇ ’ਚ ਕੌਮੀ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਏ ਜਿਸ ਮਗਰੋਂ ਉਨ੍ਹਾਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਤੇ ਢਾਈ ਘੰਟੇ ਬਾਅਦ ਰਿਹਾਅ ਕੀਤਾ। ਇਟਾਲੀਆ ਦੀ ਪੇਸ਼ੀ ਦੌਰਾਨ ‘ਆਪ’ ਹਮਾਇਤੀਆਂ ਨੇ ਕਮਿਸ਼ਨ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਵੀ ਕੀਤਾ। ਸੀਨੀਅਰ ਪੁਲੀਸ ਅਧਿਕਾਰੀਆਂ ਅਨੁਸਾਰ ਇੱਕ ਸ਼ਿਕਾਇਤ ਮਿਲੀ ਸੀ ਜਿਸ ’ਚ ਦਾਅਵਾ ਕੀਤਾ ਗਿਆ ਸੀ ਇਟਾਲੀਆ ਦੇ ਹਮਾਇਤੀ ਕਮਿਸ਼ਨ ਦੇ ਦਫ਼ਤਰ ਬਾਹਰ ਹੰਗਾਮਾ ਕਰ ਰਹੇ ਹਨ। ਇਸ ਮਗਰੋਂ ਪੁਲੀਸ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਦੀ ਕਾਰਵਾਈ ’ਤੇ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਟਾਲੀਆ ਨੂੰ ਹਿਰਾਸਤ ’ਚ ਲੈਣ ਨਾਲ ਪੂਰੇ ਗੁਜਰਾਤ ਦੇ ਪਟੇਲ ਸਮਾਜ ’ਚ ਭਾਰੀ ਰੋਸ ਹੈ। ਉਨ੍ਹਾਂ ਟਵੀਟ ਕਰਕੇ ਇਹ ਵੀ ਪੁੱਛਿਆ ‘ਪੂਰੀ ਭਾਜਪਾ’ ਇਟਾਲੀਆ ਪਿੱਛੇ ਕਿਉਂ ਪਈ ਹੈ? ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਟਾਲੀਆ ਨੂੰ ਹਿਰਾਸਤ ’ਚ ਲੈਣ ਨੂੰ ਭਾਜਪਾ ਦੀ ਰਾਜਨੀਤੀ ਕਰਾਰ ਦਿੰਦਿਆਂ ਦੋਸ਼ ਲਾਇਆ ਉਨ੍ਹਾਂ ਨੂੰ ਹਿਰਾਸਤ ’ਚ ਇਸ ਲਈ ਲਿਆ ਗਿਆ ਹੈ ਕਿਉਂਕਿ ਉਹ ਇੱਕ ਅਜਿਹੀ ਪਾਰਟੀ ਤੋਂ ਹਨ ਜੋ ਸਕੂਲਾਂ ਨੂੰ ਬਦਲਣਾ ਚਾਹੁੰਦੀ ਹੈ। ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਤਰਾਜ਼ਯੋਗ ਭਾਸ਼ਾ ਵਰਤੇ ਜਾਣ ਕਾਰਨ ਇਟਾਲੀਆ ਨੂੰ ਤਲਬ ਕੀਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ ਦੀ ਟਿੱਪਣੀ ‘ਲਿੰਗਕ ਪੱਖਪਾਤ ਤੇ ਔਰਤਾਂ ਪ੍ਰਤੀ ਮੰਦੀ ਭਾਵਨਾ ਨੂੰ ਦਰਸਾਉਂਦੀ ਹੈ ਅਤੇ ਇਹ ਨਿੰਦਣਯੋਗ ਹੈ।’ ਉਨ੍ਹਾਂ ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਇਟਾਲੀਆ ਨੇ ਜ਼ੁਬਾਨੀ ਬਿਆਨ ’ਚ ਦਾਅਵਾ ਕੀਤਾ ਹੈ ਕਿ ਵੀਡੀਓ ’ਚ ਦਿਖਾਈ ਦੇ ਰਿਹਾ ਵਿਅਕਤੀ ਉਹ ਨਹੀਂ ਹਨ। ਹਾਲਾਂਕਿ ਉਨ੍ਹਾਂ ਲਿਖਤੀ ਜਵਾਬ ’ਚ ਕਿਹਾ ਹੈ ਕਿ ਉਨ੍ਹਾਂ ਦਾ ਇਹ ਮਤਲਬ ਨਹੀਂ ਸੀ। ਕਮਿਸ਼ਨ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਸੁਣਵਾਈ ਦੌਰਾਨ ‘ਆਪ’ ਹਮਾਇਤੀਆਂ ਨੇ ਕਮਿਸ਼ਨ ਦੇ ਦਫ਼ਤਰ ਬਾਹਰ ਰੋਸ ਮੁਜ਼ਾਹਰਾ ਕੀਤਾ ਤੇ ਇਮਾਰਤ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। -ਪੀਟੀਆਈ