ਨਵੀਂ ਦਿੱਲੀ, 29 ਜੁਲਾਈ
ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਮਗਰੋਂ ਚੀਨ ਨੂੰ ਸਪੱਸ਼ਟ ਸੁਨੇਹਾ ਦੇਣ ਲਈ ਭਾਰਤੀ ਜਲ ਸੈਨਾ ਨੇ ਹਿੰਦ ਮਹਾਸਾਗਰ ਖ਼ਿੱਤੇ ’ਚ ਵੱਡੀ ਗਿਣਤੀ ’ਚ ਜੰਗੀ ਬੇੇੜੇ ਅਤੇ ਪਣਡੁੱਬੀਆਂ ਤਾਇਨਾਤ ਕੀਤੀਆਂ ਹਨ। ਰੱਖਿਆ ਸੂਤਰਾਂ ਨੇ ਕਿਹਾ ਕਿ ਚੀਨ ਨੇ ਉਨ੍ਹਾਂ ਦੇ ਸੁਨੇਹੇ ਨੂੰ ਸਮਝ ਲਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਥਲ, ਹਵਾਈ ਅਤੇ ਜਲ ਸੈਨਾ ਦੇ ਨਾਲ-ਨਾਲ ਕੂਟਨੀਤਕ ਤੇ ਆਰਥਿਕ ਮੁਹਾਜ਼ਾਂ ’ਤੇ ਬਹੁ-ਪਰਤੀ ਪਹੁੰਚ ਅਪਣਾਈ ਹੈ ਤਾਂ ਜੋ ਚੀਨ ਨੂੰ ਸਪੱਸ਼ਟ ਸੁਨੇਹਾ ਦਿੱਤਾ ਜਾ ਸਕੇ ਕਿ ਪੂਰਬੀ ਲੱਦਾਖ ’ਚ ਘੁਸਪੈਠ ਬਿਲਕੁਲ ਵੀ ਸਵੀਕਾਰਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਸੈਨਾਵਾਂ ਦੇ ਮੁਖੀ ਵੀ ਨਿਯਮਤ ਆਧਾਰ ’ਤੇ ਇਕ-ਦੂਜੇ ਦੇ ਸੰਪਰਕ ’ਚ ਹਨ। ਭਾਰਤ ਵੱਲੋਂ ਕੀਤੀ ਗਈ ਤਾਇਨਾਤੀ ਦੇ ਜਵਾਬ ’ਚ ਚੀਨ ਵੱਲੋਂ ਹਿੰਦ ਮਹਾਸਾਗਰ ’ਚ ਜਲ ਸੈਨਾ ਦੀ ਨਫ਼ਰੀ ਵਧਾਉਣ ਬਾਰੇ ਪੁੱਛੇ ਜਾਣ ’ਤੇ ਸੂਤਰਾਂ ਨੇ ਕਿਹਾ ਕਿ ਚੀਨੀ ਬੇੜਿਆਂ ਦਾ ਅਜਿਹਾ ਕੋਈ ਵਾਧਾ ਦੇਖਣ ਨੂੰ ਨਹੀਂ ਮਿਲਿਆ ਹੈ। ਚੀਨ ਵੱਲੋਂ ਦੱਖਣੀ ਚੀਨ ਸਾਗਰ ’ਚ ਵਧੇਰੇ ਤਾਇਨਾਤੀ ਕੀਤੀ ਗਈ ਹੈ ਕਿਉਂਕਿ ਅਮਰੀਕਾ ਉਸ ਖਿੱਤੇ ’ਚ ਚੁਣੌਤੀ ਦੇ ਰਿਹਾ ਹੈ। ਇਸ ਕਰ ਕੇ ਉਹ ਹਿੰਦ ਮਹਾਸਾਗਰ ਵੱਲ ਬਹੁਤਾ ਧਿਆਨ ਨਹੀਂ ਦੇ ਰਿਹਾ ਹੈ। -ਪੀਟੀਆਈ