ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜਨਵਰੀ
ਹੈਰੋਇਨ ਦੇ ਕੇਸਾਂ ਅਧੀਨ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਇਕ ਅਫ਼ਰੀਕੀ ਨਾਗਰਿਕ ਦੀ ਅੱਜ ਮੌਤ ਹੋ ਗਈ। ਚਮੇਕਾ ਮਾਸ ਉਰਫ਼ ਜੌਹਨ ਉਰਫ਼ ਗੇਵੀ ਨਾਮ ਦਾ ਇਹ ਸ਼ਖ਼ਸ ਇੱਥੇ ਹਵਾਲਾਤੀ ਵਜੋਂ ਬੰਦ ਸੀ। ਜੇਲ੍ਹ ਗਾਰਦ ਅੱਜ ਜਦੋਂ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲੈ ਕੇ ਆਈ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਲੰਘੀ ਅੱਧੀ ਰਾਤ ਨੂੰ ਚਮੇਕਾ ਨੇ ਘਬਰਾਹਟ ਮਹਿਸੂਸ ਕੀਤੀ ਤਾਂ ਉਸ ਨੂੰ ਜੇਲ੍ਹ ਵਿਚਲੇ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਦਵਾਈ ਦਿੱਤੀ ਤਾਂ ਉਹ ਠੀਕ ਮਹਿਸੂਸ ਕਰਨ ਲੱਗਾ। ਅੱਜ ਸਵੇਰੇ ਮੁੜ ਘਬਰਾਹਟ ਹੋਣ ’ਤੇ ਉਸ ਨੂੰ ਗਾਰਦ ਸਮੇਤ ਰਾਜਿੰਦਰਾ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਭੈਣ ਵੀ ਭਾਰਤ ਵਿੱਚ ਹੀ ਹੈ, ਜਿਸ ਦੇ ਕੱਲ੍ਹ ਇੱਥੇ ਆਉਣ ਦੀ ਸੰਭਾਵਨਾ ਹੈ। ਉਸ ਦੀ ਹਾਜ਼ਰੀ ’ਚ ਪੋਸਟਮਾਰਟਮ ਕੀਤਾ ਜਾਵੇਗਾ। ਚਮੇਕਾ ਪਹਿਲਾਂ ਥਾਣਾ ਸਰਹਿੰਦ ਵਿੱਚ ਹੈਰੋਇਨ ਦੀ ਬਰਾਮਦਗੀ ਸਬੰਧੀ ਕੇਸ ਤਹਿਤ ਨਾਭਾ ਜੇਲ੍ਹ ਵਿੱਚ ਬੰਦ ਸੀ। ਮਗਰੋਂ ਜਾਣਕਾਰੀ ਦੇ ਆਧਾਰ ’ਤੇ ਉਸ ਨੂੰ 5 ਜੁਲਾਈ, 2020 ਨੂੰ ਭਵਾਨੀਗੜ੍ਹ ਥਾਣੇ ’ਚ ਹੈਰੋਇਨ ਸਬੰਧੀ ਹੀ ਦਰਜ ਹੋਏ ਕੇਸ ਵਿੱਚ ਨਾਮਜ਼ਦ ਕਰ ਲਿਆ ਗਿਆ। ਭਵਾਨੀਗੜ੍ਹ ਪੁਲੀਸ ਉਸ ਨੂੰ ਨਾਭਾ ਜੇਲ੍ਹ ਤੋਂ ਰਿਮਾਂਡ ’ਤੇ ਵੀ ਲੈ ਕੇ ਗਈ ਸੀ। ਰਿਮਾਂਡ ਖਤਮ ਹੋਣ ਮਗਰੋਂ ਉਸ ਨੂੰ ਕੋਵਿਡ ਇਕਾਂਤਵਾਸ ਦੇ ਨਿਯਮਾਂ ਅਧੀਨ ਕਈ ਦਿਨਾਂ ਤਕ ਸੰਗਰੂਰ ਜੇਲ੍ਹ ਵਿੱਚ ਰੱਖਿਆ ਗਿਆ।