ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਅਫ਼ਗਾਨਿਸਤਾਨ ਦੀ ਵਰਤਮਾਨ ਸਥਿਤੀ ਉਸ ਲਈ ‘ਬੇਹੱਦ ਚਿੰਤਾ’ ਦਾ ਵਿਸ਼ਾ ਹੈ, ਆਸ ਹੈ ਕਿ ਇਹ ਸਥਿਤੀ ਇਸ ਦੇ ਗੁਆਂਢੀਆਂ ਲਈ ਚੁਣੌਤੀ ਨਹੀਂ ਬਣੇਗੀ ਤੇ ਅਫ਼ਗਾਨ ਧਰਤੀ ਨੂੰ ਲਸ਼ਕਰ ਤੇ ਜੈਸ਼ ਜਿਹੇ ਅਤਿਵਾਦੀ ਸੰਗਠਨ ਨਹੀਂ ਵਰਤਣਗੇ। ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ ਇਕ ਵਿਸ਼ੇਸ਼ ਸੈਸ਼ਨ ਵਿਚ ਭਾਰਤੀ ਰਾਜਦੂਤ ਇੰਦਰਾ ਮਨੀ ਪਾਂਡੇ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ‘ਗੰਭੀਰ’ ਮਨੁੱਖੀ ਸੰਕਟ ਪੈਦਾ ਹੋ ਰਿਹਾ ਹੈ ਤੇ ਹਰ ਕੋਈ ਅਫ਼ਗਾਨ ਲੋਕਾਂ ਦੇ ਬੁਨਿਆਦੀ ਹੱਕਾਂ ਦੇ ਵਧ ਰਹੇ ਘਾਣ ਤੋਂ ਫ਼ਿਕਰਮੰਦ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਸ ਹੈ ਕਿ ਸਥਿਤੀ ਜਲਦੀ ਸਥਿਰ ਹੋ ਜਾਵੇਗੀ ਤੇ ਇਸ ਮੁੱਦੇ ਨਾਲ ਜੁੜੀਆਂ ਧਿਰਾਂ ਮਨੁੱਖੀ ਤੇ ਸੁਰੱਖਿਆ ਸੰਕਟ ਦੇ ਹੱਲ ਲਈ ਕਦਮ ਚੁੱਕਣਗੀਆਂ। ਭਾਰਤੀ ਪ੍ਰਤੀਨਿਧੀ ਨੇ ਕਿਹਾ ਕਿ ਅਫ਼ਗਾਨ ਔਰਤਾਂ ਤੇ ਬੱਚਿਆਂ ਅਤੇ ਘੱਟ ਗਿਣਤੀਆਂ ਦੀ ਆਵਾਜ਼ ਦਾ ਆਦਰ-ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਭਾਰਤ ਆਸ ਕਰਦਾ ਹੈ ਕਿ ਵਿਆਪਕ ਨੁਮਾਇੰਦਗੀ ਦਿੱਤੀ ਜਾਵੇਗੀ ਤੇ ਅਫ਼ਗਾਨ ਸਮਾਜ ਦੇ ਸਾਰੇ ਵਰਗਾਂ ਨੂੰ ਵਿਵਸਥਾ ਵਿਚ ਸ਼ਾਮਲ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਜੈਨੇਵਾ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਪਾਂਡੇ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਸਥਿਰਤਾ ਖਿੱਤੇ ਦੀ ਸ਼ਾਂਤੀ ਤੇ ਸੁਰੱਖਿਆ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਬਦਲ ਰਹੇ ਹਾਲਾਤਾਂ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਸਬੰਧਤ ਧਿਰਾਂ ਨੂੰ ਕਾਨੂੰਨ-ਵਿਵਸਥਾ ਬਣਾਏ ਰੱਖਣ, ਸਾਰੇ ਅਫ਼ਗਾਨ ਨਾਗਰਿਕਾਂ ਦੀ ਸੁਰੱਖਿਆ ਦਾ ਖਿਆਲ ਰੱਖਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਨੁੱਖੀ ਹੱਕਾਂ ਦਾ ਮਾਣ ਰੱਖਣ ਦੀ ਬੇਨਤੀ ਵੀ ਕੀਤੀ ਜਾ ਰਹੀ ਹੈ। -ਪੀਟੀਆਈ