ਨਵੀਂ ਦਿੱਲੀ: ਥਲ ਸੈਨਾ ਦੇ ਮੁਖੀ ਜਨਰਲ ਐੱਮ ਐੱਮ ਨਰਵਾਣੇ ਨੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ ਕਿ ਅਫ਼ਗਾਨਿਸਤਾਨ ’ਚ ਹਾਲਾਤ ਸਥਿਰ ਹੋਣ ਮਗਰੋਂ ਅਫਗਾਨ ਮੂਲ ਦੇ ਵਿਦੇਸ਼ੀ ਦਹਿਸ਼ਤਗਰਦ ਜੰਮੂ ਕਸ਼ਮੀਰ ’ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਉਨ੍ਹਾਂ ਦੋ ਦਹਾਕੇ ਪਹਿਲਾਂ ਕਾਬੁਲ ਦੀ ਸੱਤਾ ’ਤੇ ਤਾਲਿਬਾਨ ਦੇ ਕਾਬਜ਼ ਹੋਣ ਵੇਲੇ ਦੇ ਹਾਲਾਤ ਦਾ ਜ਼ਿਕਰ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ। ‘ਇੰਡੀਆ ਟੁਡੇ’ ਕਨਕਲੇਵ ਦੌਰਾਨ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਸ਼ਮੀਰ ’ਚ ਹੁਣੇ ਜਿਹੇ ਹੋਈਆਂ ਹੱਤਿਆਵਾਂ ਅਤੇ ਅਫ਼ਗਾਨਿਸਤਾਨ ’ਚ ਤਾਲਿਬਾਨ ਵੱਲੋਂ ਸੱਤਾ ’ਤੇ ਕਾਬਜ਼ ਹੋਣ ਦੀਆਂ ਘਟਨਾਵਾਂ ਦਾ ਆਪਸ ’ਚ ਕੋਈ ਸਬੰਧ ਨਹੀਂ ਹੈ। ਜੰਮੂ ਕਸ਼ਮੀਰ ’ਚ ਘੱਟ ਗਿਣਤੀਆਂ ਦੀਆਂ ਹੱਤਿਆਵਾਂ ਦੀ ਉਨ੍ਹਾਂ ਨਿਖੇਧੀ ਕੀਤੀ। -ਪੀਟੀਆਈ