ਸ੍ਰੀਨਗਰ, 29 ਅਗਸਤ
ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਾਬਜ਼ ਹੋਣ ਦੇ ਮੱਦੇਨਜ਼ਰ ਫ਼ੌਜ ਨੇ ਅੱਜ ਕਿਹਾ ਕਿ ਕਸ਼ਮੀਰ ਵਾਦੀ ਵਿਚ ਸੁਰੱਖਿਆ ਦੀ ਸਥਿਤੀ ਬਾਰੇ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਤੇ ਸਥਿਤੀ ਕਾਬੂ ਹੇਠ ਹੈ। ਫ਼ੌਜ ਦੀ 15 ਕੋਰ (ਚਿਨਾਰ ਕੋਰ) ਦੇ ਜੀਓਸੀ ਲੈਫ਼ਟੀਨੈਂਟ ਜਨਰਲ ਡੀ.ਪੀ. ਪਾਂਡੇ ਨੇ ਕਿਹਾ ‘ਇਹ ਖੇਡ ਦਾ ਮੈਦਾਨ ਹੈ ਤੇ ਮੈਂ ਬਾਹਰਲਿਆਂ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਪਰ ਯਾਦ ਰਹੇ, ਸੁਰੱਖਿਆ ਦੀ ਸਥਿਤੀ ਇੱਥੇ ਸਾਡੇ ਕਾਬੂ ਹੇਠ ਹੈ ਤੇ ਚਿੰਤਾ ਦੀ ਕੋਈ ਲੋੜ ਨਹੀਂ ਹੈ।’ ਜੀਓਸੀ ਅੱਜ ਕਸ਼ਮੀਰ ਪ੍ਰੀਮੀਅਰ ਲੀਗ ਕ੍ਰਿਕਟ ਟੂਰਨਾਮੈਂਟ ਦੇ ਇਕ ਮੈਚ ਵਿਚ ਮੁੱਖ ਮਹਿਮਾਨ ਸਨ ਜੋ ਕਿ ਸ਼ੇਰ-ਏ-ਕਸ਼ਮੀਰ ਸਟੇਡੀਅਮ ਵਿਚ ਖੇਡੀ ਜਾ ਰਹੀ ਹੈ। ਲੈਫ਼ ਜਨਰਲ ਪਾਂਡੇ ਨੇ ਵਾਦੀ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ’ਤੇ ਵੀ ਧਿਆਨ ਕੇਂਦਰਤ ਕਰਨ। ਉਨ੍ਹਾਂ ਆਸ ਜਤਾਈ ਕਿ ਕਸ਼ਮੀਰ ਭਵਿੱਖ ਵਿਚ ਨੀਰਜ ਚੋਪੜਾ ਵਰਗੇ ਉਲੰਪਿਕ ਤਗ਼ਮਾ ਜੇਤੂ ਤਿਆਰ ਕਰੇਗਾ। ਇਸ ਮੌਕੇ ਸਾਬਕਾ ਭਾਰਤੀ ਕ੍ਰਿਕਟਰ ਯੂਸਫ਼ ਪਠਾਣ ਵੀ ਮੌਜੂਦ ਸਨ। –ਪੀਟੀਆਈ