ਵੈਲਿੰਗਟਨ (ਤਾਮਿਲਨਾਡੂ), 29 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਅਫ਼ਗਾਨਿਸਾਨ ਦੀ ਮੌਜੂਦਾ ਸਥਿਤੀ ਨੇ ਪੂਰੇ ਸੰਸਾਰ ਨੂੰ ਆਪਣੀਆਂ ਰਣਨੀਤੀਆਂ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਤਾਲਿਬਾਨ ਨੇ 15 ਅਗਸਤ ਨੂੰ ਕਾਬੁਲ ’ਤੇ ਕਬਜ਼ਾ ਕਰ ਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨੀ ਨੂੰ ਸੱਤਾ ’ਚ ਲਿਆਉਣ ਪਿੱਛੇ ਪਾਕਿਸਤਾਨ ਦਾ ਹੱਥ ਹੈ। ਡਿਫੈਂਸ ਸਰਵਿਸ ਸਟਾਫ਼ ਕਾਲਜ ਵਿੱਚ ਸੰੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ, ‘‘ਆਲਮੀ ਵਿਵਸਥਾ ਅਤੇ ਕੌਮੀ ਸੁਰੱਖਿਆ ਯੋਜਨਾ ਵਿੱਚ ਤਬਦੀਲੀ ਲਿਆਉਣ ਨਾਲ, ਨਾ ਸਿਰਫ਼ ਅਸੀਂ ਆਪਣੀਆਂ ਨੀਤੀਆਂ ਵਿੱਚ ਫੌਰੀ ਤਬਦੀਲੀ ਕੀਤੀ ਹੈ ਸਗੋਂ ਆਪਣੇ ਭਵਿੱਖ ਸੁਧਾਰਾਂ ਸਬੰਧੀ ਫ਼ੈਸਲੇ ਵੀ ਲਏ ਹਨ।’’ ਉਨ੍ਹਾਂ ਕਿਹਾ, ‘ਅਜਿਹੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਹੀ ਕੁਆਡ ਬਣਾਈ ਗਈ ਸੀ।’’ -ਆਈਏਐੱਨਐੱਸ