ਨਵੀਂ ਦਿੱਲੀ, 29 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਡਲ ਸਕੂਲ ਪੱਧਰ ਤੋਂ ਖੇਤੀ ਦੀ ਸਿੱਖਿਆ ਦੇਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੌਮੀ ਸਿੱਖਿਆ ਨੀਤੀ 2020 ’ਚ ਇਸ ਬਾਰੇ ਕਈ ਲੋੜੀਂਦੇ ਸੁਧਾਰ ਕੀਤੇ ਗਏ ਹਨ। ਸ੍ਰੀ ਮੋਦੀ ਨੇ ਕਿਹਾ ਕਿ ਖੇਤੀਬਾੜੀ ਬਾਰੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਸਕੂਲ ਤੋਂ ਹੀ ਸ਼ੁਰੂਆਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਮਿਡਲ ਸਕੂਲ ਤੋਂ ਹੀ ਖੇਤੀਬਾੜੀ ਵਿਸ਼ੇ ਨੂੰ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਝਾਂਸੀ ਆਧਾਰਿਤ ਰਾਣੀ ਲਕਸ਼ਮੀ ਬਾਈ ਸੈਂਟਰਲ ਖੇਤੀਬਾੜੀ ਯੂਨੀਵਰਸਿਟੀ ਦੇ ਕਾਲਜ ਅਤੇ ਪ੍ਰਸ਼ਾਸਕੀ ਇਮਾਰਤਾਂ ਦਾ ਵਰਚੁਅਲ ਉਦਘਾਟਨ ਕਰਨ ਮਗਰੋਂ ਸ੍ਰੀ ਮੋਦੀ ਨੇ ਕਿਹਾ ਕਿ ਖੇਤੀ ਵਿਸ਼ੇ ਨੂੰ ਪੜ੍ਹਾਈ ’ਚ ਸ਼ਾਮਲ ਕੀਤੇ ਜਾਣ ਨਾਲ ਵਿਦਿਆਰਥੀ ਖੇਤੀਬਾੜੀ ਦੇ ਤਰੀਕਿਆਂ, ਆਧੁਨਿਕ ਖੇਤੀ ਤਕਨੀਕਾਂ ਅਤੇ ਮੰਡੀਕਰਨ ਤੋਂ ਜਾਣੂ ਹੋਣਗੇ ਅਤੇ ਇਸ ਬਾਰੇ ਉਹ ਪਰਿਵਾਰ ਨਾਲ ਜਾਣਕਾਰੀ ਸਾਂਝੀ ਕਰ ਸਕਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਖੋਜ ਸੰਸਥਾਵਾਂ ਤੇ ਖੇਤੀ ਯੂਨੀਵਰਸਿਟੀਆਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਟਿੱਡੀਆਂ ਦੇ ਹੁਣੇ ਜਿਹੇ ਹੋਏ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਫੈਲਣ ਤੋਂ ਰੋਕਣ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਿਸ ਨਾਲ ਫ਼ਸਲਾਂ ਦਾ ਘੱਟ ਹੀ ਨੁਕਸਾਨ ਹੋਇਆ। -ਪੀਟੀਆਈ