ਨਵੀਂ ਦਿੱਲੀ, 25 ਜੁਲਾਈ
ਵੋਟਰ ਸੂਚੀ ਨੂੰ ਆਧਾਰ ਨਾਲ ਜੋੜਨ ਸਬੰਧੀ ਚੋਣ ਕਾਨੂੰਨ (ਸੋਧ) ਐਕਟ, 2021 ਨੂੰ ਚੁਣੌਤੀ ਦੇਣ ਵਾਲੇ ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੂੰ ਸੁਪਰੀਮ ਕੋਰਟ ਨੇ ਅੱਜ ਹਾਈ ਕੋਰਟ ਕੋਲ ਪਹੁੰਚ ਕਰਨ ਲਈ ਕਿਹਾ ਹੈ। ਜਸਟਿਸ ਡੀਵਾਈ ਚੰਦਰਚੂੜ ਤੇ ਜਸਟਿਸ ਏਐੱਸ ਬੋਪੰਨਾ ਦੇ ਬੈਂਚ ਨੇ ਸੁਰਜੇਵਾਲਾ ਦੇ ਵਕੀਲ ਨੂੰ ਪੁੱਛਿਆ ਕਿ ਉਨ੍ਹਾਂ ਪਹਿਲਾਂ ਹਾਈ ਕੋਰਟ ਤੱਕ ਪਹੁੰਚ ਕਿਉਂ ਨਹੀਂ ਕੀਤੀ? ਬੈਂਚ ਨੇ ਕਿਹਾ, ‘ਤੁਸੀਂ ਦਿੱਲੀ ਹਾਈ ਕੋਰਟ ਕੋਲ ਪਹੁੰਚ ਕਿਉਂ ਨਹੀਂ ਕਰਦੇ? ਤੁਹਾਡੇ ਕੋਲ ਬਰਾਬਰ ਹੱਲ ਹੋਵੇਗਾ। ਤੁਸੀਂ ਚੋਣ ਕਾਨੂੰਨ (ਸੋਧ) ਐਕਟ 2021 ਦੀ ਧਾਰਾ 4 ਤੇ 5 ਨੂੰ ਚੁਣੌਤੀ ਦੇ ਰਹੇ ਹੋ। ਤੁਸੀਂ ਇੱਥੇ ਕਿਉਂ ਆਏ ਹੋ? ਤੁਸੀਂ ਦਿੱਲੀ ਹਾਈ ਕੋਰਟ ਜਾ ਸਕਦੇ ਹੋ।’ਕਾਂਗਰਸ ਆਗੂ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਮਹੀਨੇ ਅੰਦਰ ਤਿੰਨ ਵੱਖ ਵੱਖ ਰਾਜਾਂ ’ਚ ਚੋਣਾਂ ਹੋਣਗੀਆਂ। ਬੈਂਚ ਨੇ ਕਿਹਾ, ‘ਕਾਨੂੰਨ ’ਚ ਮੁਹੱਈਆ ਹੱਲ ਦੇ ਮੱਦੇਨਜ਼ਰ ਅਸੀਂ ਅਪੀਲਕਰਤਾ ਨੂੰ ਸਮਰੱਥ ਹਾਈ ਕੋਰਟ ਕੋਲ ਧਾਰਾ 226 ਤਹਿਤ ਅਪੀਲ ਦਾਇਰ ਕਰਨ ਦੀ ਆਜ਼ਾਦੀ ਦਿੰਦੇ ਹਾਂ।’ ਸੁਪਰੀਮ ਕੋਰਟ ਚੋਣ ਕਾਨੂੰਨ (ਸੋਧ) ਐਕਟ 2021 ਦੀ ਧਾਰਾ 4 ਤੇ 5 ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਸੁਰਜੇਵਾਲਾ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ। ਅਪੀਲ ’ਚ ਕਿਹਾ ਗਿਆ ਹੈ ਕਿ ਸੋਧ ਦਾ ਮਕਸਦ ਦੋ ਪੂਰੀ ਤਰ੍ਹਾਂ ਵੱਖੋ ਵੱਖਰੇ ਦਸਤਾਵੇਜ਼ਾਂ ਮਤਲਬ ਰਿਹਾਇਸ਼ (ਸਥਾਈ ਜਾਂ ਆਰਜ਼ੀ) ਦੇ ਸਬੂਤ ਆਧਾਰ ਕਾਰਡ ਅਤੇ ਨਾਗਰਿਕਤਾ ਦੇ ਸਬੂਤ ਵੋਟਰ ਪਛਾਣ ਪੱਤਰ ਨੂੰ ਜੋੜਨਾ ਹੈ। ਇਸ ਲਈ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਆਧਾਰ ਤੇ ਵੋਟਰ ਪਛਾਣ ਪੱਤਰ ਨੂੰ ਜੋੜਨਾ ਪੂਰੀ ਤਰ੍ਹਾਂ ਤਰਕਹੀਣ ਹੈ। ਪਟੀਸ਼ਨ ’ਚ ਚੋਣ ਕਾਨੂੰਨ (ਸੋਧ) ਐਕਟ 2021 ਦੀਆਂ ਧਾਰਾਵਾਂ 4 ਤੇ 5 ਨੂੰ ਨਾਗਰਿਕਾਂ ਦੀ ਨਿੱਜਤਾ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਦੱਸਿਆ ਗਿਆ ਹੈ। -ਪੀਟੀਆਈ