ਨਵੀਂ ਦਿੱਲੀ, 16 ਅਪਰੈਲ
ਕਰੋਨਾਵਾਇਰਸ ਦੀ ਲਾਗ ਦੇ ਗੰਭੀਰ ਕੇਸਾਂ ਦੇ ਪ੍ਰਬੰਧਨ ਲਈ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਮੰਤਰਾਲਿਆਂ ਨੂੰ ਪੱਤਰ ਲਿਖ ਕੇ ਸਲਾਹ ਦਿੱਤੀ ਹੈ ਕਿ ਉਹ ਆਪਣੇ ਕੰਟਰੋਲ ਅਧੀਨ ਆਉਂਦੇ ਹਸਪਤਾਲਾਂ ਜਾਂ ਸਰਕਾਰੀ ਮਾਲਕੀ ਵਾਲੇ ਅਦਾਰਿਆਂ (ਪੀਐੱਸਯੂ’ਜ਼) ਨੂੰ ਕੋਵਿਡ ਮਰੀਜ਼ਾਂ ਦੀ ਸੰਭਾਲ ਲਈ ਵਿਸ਼ੇਸ਼ ਵਾਰਡ ਜਾਂ ਹਸਪਤਾਲਾਂ ਦੇ ਅੰਦਰ ਵੱਖਰੇ ਬਲਾਕ ਸਥਾਪਤ ਕਰਨ ਦੀ ਹਦਾਇਤ ਕਰਨ। ਪੱਤਰ ਵਿੱਚ ਕੇਂਦਰੀ ਮੰਤਰਾਲਿਆਂ ਨੂੰ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਉਹ ਕੋਵਿਡ ਲਈ ਖਾਸ ਤੌਰ ’ਤੇ ਤਿਆਰ ਕੀਤੇ ਜਾਣ ਵਾਲੇ ਇਨ੍ਹਾਂ ਵਾਰਡਾਂ ਜਾਂ ਬਲਾਕਾਂ ਸਬੰਧੀ ਜਾਣਕਾਰੀ ਆਮ ਲੋਕਾਂ ਤੱਕ ਪੁੱਜਦੀ ਕਰਨ। ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ ਸਾਲ ਕਰੋਨਾ ਕੇਸਾਂ ਦੀ ਸਿਖਰ ਮੌਕੇ ਵੀ ਸਰਕਾਰੀ ਅਦਾਰਿਆਂ ਨਾਲ ਮਿਲ ਕੇ ਕੋਵਿਡ-19 ਨੂੰ ਸਮਰਪਿਤ ਹਸਪਤਾਲ ਤੇ ਬਲਾਕ ਸਥਾਪਤ ਕੀਤੇ ਗਏ ਸਨ।
ਸਿਹਤ ਮੰਤਰਾਲੇ ਨੇ ਇਹ ਐਡਵਾਈਜ਼ਰੀ ਅਜਿਹੇ ਮੌਕੇ ਜਾਰੀ ਕੀਤੀ ਹੈ ਜਦੋਂ ਕਰੋਨਾ ਮਹਾਮਾਰੀ ਦੀ ਬੇਕਾਬੂ ਹੋਈ ਦੂਜੀ ਲਹਿਰ ਕਰਕੇ ਕਰੋਨਾ ਦੀ ਮਾਰ ਹੇਠ ਆਉਣ ਵਾਲੇ ਲੋਕਾਂ ਨੂੰ ਹਸਪਤਾਲਾਂ ਵਿੱਚ ਬੈੱਡ ਨਹੀਂ ਜੁੜ ਰਹੇ ਹਨ। ਕੇਂਦਰੀ ਸਿਹਤ ਸਕੱਤਰ ਨੇ ਮੰਤਰਾਲਿਆਂ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਇਨ੍ਹਾਂ ਹਸਪਤਾਲਾਂ ਤੇ ਬਲਾਕਾਂ ਵਿੱਚ ਆਉਣ ਤੇ ਜਾਣ ਦਾ ਵੱਖੋ ਵੱਖਰਾ ਰਾਹ ਹੋਵੇ ਤੇ ਇਨ੍ਹਾਂ ਵਿੱਚ ਆਕਸੀਜਨ, ਆਈਸੀਯੂ ਬੈੱਡਾਂ, ਵੈਂਟੀਲੇਟਰਾਂ ਤੇ ਵਿਸ਼ੇਸ਼ ਕ੍ਰਿਟੀਕਲ ਕੇਅਰ ਯੂਨਿਟਾਂ, ਲੈਬਾਰਟਰੀ ਸੇਵਾਵਾਂ, ਐਕਸਰੇਅ, ਕਿਚਨ ਤੇ ਲੌਂਡਰੀ ਆਦਿ ਦੇ ਨਾਲ ਸਿਹਤ ਸੰਭਾਲ ਨਾਲ ਜੁੜੇ ਅਮਲੇ ਦਾ ਪੂਰਾ ਪ੍ਰਬੰਧ ਹੋਵੇ। -ਪੀਟੀਆਈ