ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਜੂਨ
ਦਿੱਲੀ ਐੱਨਸੀਆਰ ’ਚ ਬੀਤੀ ਰਾਤ ਪਏ ਤੇਜ਼ ਮੀਂਹ ਤੇ ਆਏ ਝੱਖੜ ਨੇ ਇੱਕ ਵਾਰ ਮੁੜ ਅੰਦੋਲਨਕਾਰੀ ਕਿਸਾਨਾਂ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਦਿੱਤੀਆਂ ਪਰ ਉਹ ਅਡੋਲ ਰਹੇ। ਦਿੱਲੀ ਦੀਆਂ ਬਰੂਹਾਂ ਘੇਰੀ ਬੈਠੇ ਕਿਸਾਨਾਂ ਨੇ ਸਵੇਰੇ ਉੱਠ ਕੇ ਮੁੜ ਆਪਣੇ ਤੰਬੂ, ਬਾਂਸਾਂ ਦੀਆਂ ਝੌਂਪੜੀਆਂ ਤੇ ਟੈਂਟ ਠੀਕ ਕੀਤੇ। ਝੱਖੜ ਨਾਲ ਲੰਗਰ ਵਾਲੇ ਟੈਂਟ ਵੀ ਪ੍ਰਭਾਵਿਤ ਹੋਏ। ਸਿੰਘੂ ਬਾਰਡਰ ਦੀ ਮੁੱਖ ਸਟੇਜ ਨੁਕਸਾਨੀ ਗਈ ਪਰ ਕਿਸਾਨਾਂ ਨੇ ਇਸ ਨੂੰ ਠੀਕ ਕਰ ਕੇ ਮੁੜ ਸਟੇਜ ਸੰਚਾਲਨ ਸ਼ੁਰੂ ਕੀਤਾ। ਸਿੰਘੂ ਹੱਦ ਦੀਆਂ ਸੜਕਾਂ ’ਤੇ ਵੀ ਪਾਣੀ ਭਰ ਗਿਆ।
ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨੀਂ ਆਏ ਝੱਖੜ ਦੀ ਰਫ਼ਤਾਰ ਭਾਵੇਂ ਘੱਟ ਸੀ ਪਰ ਉਦੋਂ ਨੁਕਸਾਨ ਵੱਧ ਹੋਇਆ ਸੀ ਕਿਉਂਕਿ ਉਦੋਂ ਝੌਂਪੜੀਆਂ ਨੂੰ ਐਨਾ ਮਜ਼ਬੂਤ ਨਹੀਂ ਸੀ ਕੀਤਾ ਗਿਆ ਪਰ ਹੁਣ ਕਿਸਾਨਾਂ ਨੇ ਆਪਣੇ ਟਿਕਾਣੇ ਹੋਰ ਮਜ਼ਬੂਤ ਕਰ ਲਏ ਹਨ ਤੇ ਉਹ ਕੁਦਰਤੀ ਕਰੋਪੀ ਦਾ ਟਾਕਰਾ ਵੀ ਸਿਦਕਦਿਲੀ ਨਾਲ ਕਰਨਗੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਦੱਸਿਆ ਕਿ ਬੀਤੀ ਰਾਤ 8 ਕੁ ਵਜੇ ਇੰਨਾ ਤੂਫ਼ਾਨ ਤੇ ਮੀਂਹ ਆਇਆ ਕਿ ਕਿਸਾਨਾਂ ਨੇ ਸਾਰੀ ਰਾਤ ਆਪਣੇ ਆਰਜ਼ੀ ਬਣਾਏ ਹੋਏ ਘਰਾਂ ਅਤੇ ਪੰਡਾਲਾਂ ਦੀਆਂ ਪਾਈਪਾਂ ਨੂੰ ਫੜ ਕੇ ਰੱਖਿਆ। ਇਸ ਤੂਫ਼ਾਨ ਨਾਲ ਆਰਜ਼ੀ ਘਰ, ਪੰਡਾਲ ਵਿੱਚ ਲੱਗੀਆਂ ਪਾਈਪਾਂ ਟੁੱਟ ਗਈਆਂ ਅਤੇ ਆਰਜ਼ੀ ਛੱਤਾਂ ਨੂੰ ਤੂਫ਼ਾਨ ਉਡਾ ਕੇ ਲੈ ਗਿਆ। ਬਾਥਰੂਮ ਤੇ ਪਖ਼ਾਨੇ ਵੀ ਨੁਕਸਾਨੇ ਗਏ। ਇਸ ਦੌਰਾਨ ਕੁੱਝ ਹਿੱਸੇ ਵਿੱਚ ਬਿਜਲੀ ਸਪਲਾਈ ਵੀ ਬੰਦ ਹੋ ਗਈ ਹੈ। ਇਸ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਪੰਡਾਲ ਲਈ ਦੂਜੀ ਵਾਰ ਨਵਾਂ ਟੈਂਟ ਮੰਗਵਾ ਲਿਆ ਗਿਆ ਹੈ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲੰਗੇਰੀ ਦੇ ਪਰਵਾਸੀ ਭਾਰਤੀਆਂ ਨੇ ਅਵਤਾਰ ਸਿੰਘ ਲੰਗੇਰੀ ਅਤੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਰਾਹੀਂ ਬਠਿੰਡਾ ਜ਼ਿਲ੍ਹੇ ਦੇ ਆਗੂ ਬਸੰਤ ਸਿੰਘ ਕੋਠਾਗੁਰੂ ਅਤੇ ਨੌਜਵਾਨ ਭਾਰਤ ਸਭਾ ਦੇ ਨੌਜਵਾਨ ਆਗੂ ਅਸ਼ਵਨੀ ਦੀ ਹਾਜ਼ਰੀ ਵਿੱਚ 10000 ਰੁਪਏ, 150 ਕਿੱਲੋਗ੍ਰਾਮ ਸੁੱਕਾ ਦੁੱਧ ਅਤੇ 50 ਕਿੱਲੋਗ੍ਰਾਮ ਖੰਡ ਦੀ ਸੇਵਾ ਕੀਤੀ। ਅੱਜ ਜਗਰਾਜ ਸਿੰਘ, ਪ੍ਰੀਤ ਸਮਾਲਸਰ ਅਤੇ ਅਜੈਬ ਸਿੰਘ ਨੇ ਮੁੜ ਸਟੇਜ ਸਜਾਈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਿੱਧਵਾਂ, ਸਤਨਾਮ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਰਾਤ ਦੋ ਵਜੇ ਮਗਰੋਂ ਆਈ ਹਨੇਰੀ, ਝੱਖੜ ਤੇ ਮੀਂਹ ਕਾਰਨ ਜਥੇਬੰਦੀ ਵੱਲੋਂ ਬਣਾਏ ਗਏ ਵੱਡੇ ਪੰਡਾਲ ਡਿੱਗ ਪਏ। ਕਿਸਾਨਾਂ-ਮਜ਼ਦੂਰਾਂ ਦੇ ਨਿੱਜੀ ਕੈਂਪਾਂ ਤੋਂ ਤਰਪਾਲਾਂ ਉੱਡ ਗਈਆਂ ਤੇ ਪਾਟੇ ਪੰਡਾਲ ਹੇਠਾਂ ਪਾਣੀ ਖੜ੍ਹਾ ਹੋ ਗਿਆ। ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੂੰ ਸੁਰੱਖਿਅਤ ਥਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।