ਨਵੀਂ ਦਿੱਲੀ, 19 ਮਈ
ਦਿੱਲੀ ਹਾਈ ਕੋਰਟ ਨੇ ਅੱਜ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਿਆਸਤਦਾਨ ਤੇ ਨੌਕਰਸ਼ਾਹ ਆਪਣੀ ਨਾਕਾਮੀ ਕਬੂਲ ਕਰਨ ਵਿਚ ਔਖ ਮਹਿਸੂਸ ਕਰਦੇ ਹਨ ਕਿਉਂਕਿ ਇਹ ਉਨ੍ਹਾਂ ਦੀਆਂ ਰਗ਼ਾਂ ’ਚ ਨਹੀਂ ਹੈ। ਹਾਈ ਕੋਰਟ ਨੇ ਇਹ ਟਿੱਪਣੀ ਨਿਆਂਪਾਲਿਕਾ ’ਚ ਹੇਠਲੇ ਪੱਧਰਾਂ ਉਤੇ ਕੰਮ ਕਰ ਰਹੇ ਅਧਿਕਾਰੀਆਂ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਕੀਤੀ ਜੋ ਕਿ ਕੋਵਿਡ ਦੇ ਜੋਖ਼ਮ ਦੇ ਬਾਵਜੂਦ ਕੰਮ ਕਰ ਰਹੇ ਹਨ। ਹਾਈ ਕੋਰਟ ਨੇ ਕਿਹਾ ਕਿ ਤਿੰਨ ਜੁਡੀਸ਼ੀਅਲ ਅਧਿਕਾਰੀਆਂ ਦੀ ਦਿੱਲੀ ਵਿਚ ਪਹਿਲਾਂ ਹੀ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਅਦਾਲਤ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੂੰ ਵੀ ਫਰੰਟਲਾਈਨ ਵਰਕਰਾਂ ਦਾ ਦਰਜਾ ਦੇਣਾ ਚਾਹੀਦਾ ਹੈ ਜਿਵੇਂ ਹਥਿਆਰਬੰਦ ਬਲਾਂ ਤੇ ਪੁਲੀਸ ਕਰਮੀਆਂ ਨੂੰ ਦਿੱਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਵਿਚ ਜੱਜ ਸੰਵਿਧਾਨਕ ਅਹੁਦਿਆਂ ’ਤੇ ਹਨ, ਉਨ੍ਹਾਂ ਦੇ ਪ੍ਰੋਟੋਕੋਲ ਵੱਖਰੇ ਹਨ ਪਰ ਹੇਠਲੀ ਨਿਆਂਪਾਲਿਕਾ ’ਤੇ ਇਹ ਸਭ ਲਾਗੂ ਨਹੀਂ ਹੁੰਦਾ। ਜੁਡੀਸ਼ੀਅਲ ਅਧਿਕਾਰੀਆਂ ਦਾ ਵਾਹ ਲੋਕਾਂ ਨਾਲ ਹੋਰ ਢੰਗ ਨਾਲ ਪੈਂਦਾ ਹੈ ਤੇ ਸਰਕਾਰ ਨੂੰ ਚੰਗੇ ਕਾਰਨਾਂ ਖਾਤਰ ਕਦਮ ਚੁੱਕਣੇ ਚਾਹੀਦੇ ਹਨ। ਦਿੱਲੀ ਜੁਡੀਸ਼ੀਅਲ ਸਰਵਿਸ ਐਸੋਸੀਏਸ਼ਨ ਵੱਲੋਂ ਪੇਸ਼ ਹੋਏ ਵਕੀਲ ਦਿਆਲ ਕ੍ਰਿਸ਼ਨਨ ਨੇ ਕਿਹਾ ਕਿ ਐਮਰਜੈਂਸੀ ਹਾਲਤਾਂ ਵਿਚ ਦਿੱਲੀ ਸਰਕਾਰ ਨੂੰ ਨੋਡਲ ਅਫ਼ਸਰ ਨਿਯੁਕਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 852 ਜੁਡੀਸ਼ੀਅਲ ਅਫ਼ਸਰ ਤੇ ਸਟਾਫ਼ ਹੁਣ ਤੱਕ ਕੋਵਿਡ ਦੀ ਲਪੇਟ ਵਿਚ ਆ ਚੁੱਕੇ ਹਨ। ਦਿੱਲੀ ਸਰਕਾਰ ਦੇ ਵਕੀਲ ਨੇ ਕਿਹਾ ਕਿ ਰਾਜ ਜੁਡੀਸ਼ੀਅਲ ਅਧਿਕਾਰੀਆਂ ਨੂੰ ‘ਫਰੰਟਲਾਈਨ ਵਰਕਰਾਂ’ ਦੇ ਘੇਰੇ ਵਿਚ ਲਿਆਉਣ ’ਤੇ ਵਿਚਾਰ ਕਰੇਗਾ। -ਪੀਟੀਆਈ
‘ਭਾਰਤ ’ਚ ਕਰੋਨਾ ਦਾ ਆਪਣਾ ਸਰੂਪ ਮੌਜੂਦ, ਹੋਰਾਂ ਨੂੰ ਦੋਸ਼ ਦੇਣ ਦੀ ਲੋੜ ਨਹੀਂ’
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਕਰੋਨਾ ਦੀ ਤੀਜੀ ਲਹਿਰ ਸਿੰਗਾਪੁਰ ਜਾਂ ਕਿਸੇ ਹੋਰ ਮੁਲਕ ਤੋਂ ਆਉਣ ਦੇ ਮੁੱਦੇ ਨੂੰ ਹੋਰ ਨਾ ਖਿੱਚੇ। ਹਾਈ ਕੋਰਟ ਨੇ ਕਿਹਾ ਕਿ ਭਾਰਤ ’ਚ ਕਰੋਨਾ ਦਾ ਆਪਣਾ ਸਰੂਪ ਪੈਦਾ ਹੋ ਚੁੱਕਾ ਹੈ ਅਤੇ ਇਸ ਲਈ ਕਿਸੇ ਹੋਰ ਮੁਲਕ ’ਤੇ ਦੋਸ਼ ਮੜ੍ਹਨ ਦੀ ਲੋੜ ਨਹੀਂ ਹੈ। ਜਸਟਿਸ ਵਿਪਿਨ ਸਾਂਘੀ ਅਤੇ ਜਸਮੀਤ ਸਿੰਘ ਨੇ ਕਿਹਾ,‘‘ਇਹ ਬਿਲਕੁਲ ਸਪੱਸ਼ਟ ਹੈ ਕਿ ਸਿੰਗਾਪੁਰ ’ਚ ਕੋਈ ਲਹਿਰ ਨਹੀਂ ਹੈ ਅਤੇ ਕਰੋਨਾ ਫੈਲਾਉਣ ਲਈ ਕਿਸੇ ਹੋਰ ਮੁਲਕ ਦੀ ਲੋੜ ਨਹੀਂ ਹੈ। ਸਾਡੇ ਕੋਲ ਆਪਣਾ ਸਰੂਪ ਹੈ।’’ ਬੈਂਚ ਦੀ ਟਿੱਪਣੀ ਮਗਰੋਂ ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਰਾਹੁਲ ਮਹਿਰਾ ਨੇ ਜਵਾਬ ਦਿੱਤਾ ਕਿ ਕਰੋਨਾ ਦੀ ਦੂਜੀ ਕਿਸਮ ਸਿਰਫ਼ ਭਾਰਤ ਤੋਂ ਹੀ ਫੈਲ ਰਹੀ ਹੈ। ਉਨ੍ਹਾਂ ਟੀਕਾਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਤੱਕ ਹਰ ਕੋਈ ਸੁਰੱਖਿਅਤ ਨਹੀਂ ਹੋ ਜਾਂਦਾ ਹੈ, ਕੋਈ ਵੀ ਸੁਰੱਖਿਅਤ ਨਹੀਂ ਹੈ। ਹਾਈ ਕੋਰਟ ਵੱਲੋਂ ਵਕੀਲਾਂ ਅਤੇ ਹੋਰ ਮੁਲਾਜ਼ਮਾਂ ਦੀ ਸਥਿਤੀ ਬਾਰੇ ਅਰਜ਼ੀ ’ਤੇ ਸੁਣਵਾਈ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਆਪਣੀ ਡਿਊਟੀ ਦੌਰਾਨ ਕਰੋਨਾ ਦੀ ਲਾਗ ਲੱਗਣ ਦਾ ਖ਼ਤਰਾ ਹੈ। -ਪੀਟੀਆਈ