ਜੰਮੂ, 15 ਨਵੰਬਰ
ਜੰਮੂ-ਕਸ਼ਮੀਰ ਦੀ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਹਾਲੀਆ ਉਲਟ ਮੌਸਮੀ ਸਥਿਤੀਆਂ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕਿਸਾਨਾਂ ਦੇ ਹੋਏ ਭਾਰੀ ਨੁਕਸਾਨ ਪ੍ਰਤੀ ਪ੍ਰਸ਼ਾਸਨ ਦੀ ਬੇਰੁਖੀ ਦੀ ਨਿਖੇਧੀ ਕੀਤੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੰਮੂ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਝੋਨਾ ਉਤਪਾਦਕ ਅਤੇ ਕਸ਼ਮੀਰ ਦੇ ਸੇਬ ਅਤੇ ਹੋਰ ਫਲ ਉਤਪਾਦਕ ਕਿਸਾਨ ਜੰਮੂ-ਕਸ਼ਮੀਰ ਦੀ ਅਰਥਵਿਵਸਥਾ ’ਚ ਅਹਿਮ ਯੋਗਦਾਨ ਪਾਉਂਦੇ ਹਨ। ਦੋਵਾਂ ਖੇਤਰਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਨਾਲ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਮਹਬਿੂਬਾ ਨੇ ਕਿਹਾ, ‘‘ਅਜਿਹਾ ਲੱਗਦਾ ਹੈ ਕਿ ਪ੍ਰਸ਼ਾਸਨ ਨੇ ਜ਼ਮੀਨੀ ਪੱਧਰ ’ਤੇ ਨੁਕਸਾਨ ਦਾ ਮੁਲਾਂਕਣ ਕਰਨ ਦੀ ਬਜਾਏ ਦਫ਼ਤਰਾਂ ਦੀ ਚਾਰਦੀਵਾਰੀ ਦੇ ਅੰਦਰ ਬੈਠ ਕੇ ਹੀ ਮੁਆਵਜ਼ਾ ਤੈਅ ਕੀਤਾ ਹੈ।’’ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 23 ਅਤੇ 24 ਅਕਤੂਬਰ ਨੂੰ ਹੋਈ ਭਾਰੀ ਬਾਰਿਸ਼ ਤੇ ਬਰਫਬਾਰੀ ਨੂੰ ਸੂਬਾ ਵਿਸ਼ੇਸ਼ ਅਧਿਕਾਰ ਆਫ਼ਤ ਐਲਾਨਿਆ ਸੀ।
ਆਰਐੱਸ ਪੁਰਾ ਸਰਹੱਦੀ ਅਤੇ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਪਾਰਟੀ ਦੇ ਲੜੀਵਾਰ ਸੰਪਰਕ ਪ੍ਰੋਗਰਾਮਾਂ ਦੌਰਾਨ ਮਹਬਿੂਬਾ ਨੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ, ‘‘ਦੇਸ਼ ’ਤੇ ਸ਼ਾਸਨ ਕਰ ਰਹੀ ਪਾਰਟੀ ਨੇ ਦੇਸ਼ ਭਰ ਦੇ ਕਿਸਾਨਾਂ ਖ਼ਿਲਾਫ਼ ਦੁਸ਼ਮਣੀ ਵਾਲਾ ਰੁਖ ਅਪਣਾਇਆ ਹੈ ਅਤੇ ਅਜਿਹਾ ਲਗਦਾ ਹੈ ਕਿ ਜੰਮੂ-ਕਸ਼ਮੀਰ ਵੀ ਇਸ ਤੋਂ ਨਹੀਂ ਬਚਿਆ ਹੈ।’’ -ਪੀਟੀਆਈ