ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 29 ਅਕਤੂਬਰ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਨੇ ਵੱਖ ਵੱਖ ਦਹਿਸ਼ਤੀ ਗੁੱਟਾਂ ਵੱਲੋਂ ਨਵੀਆਂ ਤਕਨਾਲੋਜੀਆਂ ਦੀ ਵਰਤੋਂ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਸਾਂਝੇ ਆਲਮੀ ਯਤਨਾਂ ਦੀ ਲੋੜ ਹੈ। ਇਥੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਅਤਿਵਾਦ ਵਿਰੋਧੀ ਕਮੇਟੀ ਦੀ ਮੀਟਿੰਗ ਦੌਰਾਨ ਗੁਟੇਰੇਜ਼ ਦਾ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ। ਸਕੱਤਰ ਜਨਰਲ ਨੇ ਕਿਹਾ,‘‘ਨਵੀਆਂ ਅਤੇ ਉਭਰਦੀਆਂ ਤਕਨਾਲੋਜੀਆਂ ’ਚ ਮਾਨਵੀ ਹਾਲਾਤ ਨੂੰ ਸੁਧਾਰਨ ਦੀ ਪੂਰੀ ਸਮਰੱਥਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਦੀ ਮਾੜੇ ਅਨਸਰਾਂ ਸਮੇਤ ਹੋਰਾਂ ਵੱਲੋਂ ਦੁਰਵਰਤੋਂ ਕੀਤੀ ਜਾ ਰਹੀ ਹੈ। ਦਹਿਸ਼ਤਗਰਦ ਅਤੇ ਹੋਰ ਨਫ਼ਰਤ ਫੈਲਾਉਣ ਵਾਲੇ ਲੋਕ ਨਵੀਆਂ ਅਤੇ ਉਭਰਦੀਆਂ ਤਕਨਾਲੋਜੀਆਂ ਦੀ ਵਰਤੋਂ ਕੂੜ ਪ੍ਰਚਾਰ ਫੈਲਾਉਣ, ਪਾੜੇ ਵਧਾਉਣ, ਹਮਲੇ ਕਰਨ, ਕੱਟੜਵਾਦੀਆਂ ਨੂੰ ਭਰਤੀ ਕਰਨ ਅਤੇ ਵਸੀਲੇ ਹਾਸਲ ਕਰਨ ਲਈ ਕਰ ਰਹੇ ਹਨ।’’ ਗੁਟੇਰੇਜ਼ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਅਜਿਹੀ ਦੁਰਵਰਤੋਂ ਦੇ ਕਈ ਮਾਮਲੇ ਉਜਾਗਰ ਹੋਏ ਸਨ। ਉਨ੍ਹਾਂ ਕਿਹਾ ਕਿ ਸਾਰੇ ਮਨੁੱਖੀ ਹੱਕਾਂ ਦੀ ਰਾਖੀ ਕਰਦਿਆਂ ਅਜਿਹੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਠੋਸ ਕਦਮ ਉਠਾਉਣੇ ਚਾਹੀਦੇ ਹਨ। ਗੁਟੇਰੇਜ਼ ਨੇ ਕਿਹਾ ਕਿ ਇਹ ਟੀਚਾ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਮਨੁੱਖੀ ਹੱਕਾਂ ਦੇ ਐਲਾਨਨਾਮੇ ਤਹਿਤ ਬਹੁਲਵਾਦ ਅਤੇ ਕੌਮਾਂਤਰੀ ਸਹਿਯੋਗ ਨਾਲ ਹਾਸਲ ਕੀਤਾ ਜਾ ਸਕਦਾ ਹੈ।
ਮੀਟਿੰਗ ਦੌਰਾਨ ਭਾਰਤ ਨੇ ਗੈਰ-ਰਾਜਕੀ ਅਨਸਰਾਂ ਵੱਲੋਂ ਗੁਪਤ ਸੁਨੇਹੇ ਅਤੇ ਕ੍ਰਿਪਟੋ ਕਰੰਸੀ ਜਿਹੀਆਂ ਨਵੀਆਂ ਤਕਨਾਲੋਜੀਆਂ ਦੀ ਸੰਭਾਵਿਤ ਦੁਰਵਰਤੋਂ ਨੂੰ ਰੋਕਣ ਲਈ ਸਾਂਝੀਆਂ ਆਲਮੀ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੰਦਿਆਂ ਖਬਰਦਾਰ ਕੀਤਾ ਕਿ ਸੋਸ਼ਲ ਮੀਡੀਆ ਪਲੈਟਫਾਰਮ ਅਤਿਵਾਦੀ ਗੁੱਟਾਂ ਦੀ ‘ਟੂਲਕਿਟ’ ’ਚ ਅਸਰਅੰਦਾਜ਼ ਉਪਕਰਣ ਬਣ ਗਏ ਹਨ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਅਤਿਵਾਦ ਵਿਰੋਧੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਅਤਿਵਾਦੀ ਗੁੱਟਾਂ, ਉਨ੍ਹਾਂ ਦੇ ਵਿਚਾਰਧਾਰਕ ਪੈਰੋਕਾਰਾਂ ਅਤੇ ਇਕੱਲੇ ਹਮਲਾ ਕਰਨ ਵਾਲੇ ਲੋਕਾਂ ਨੇ ਨਵੀਂ ਤਕਨਾਲੋਜੀਆਂ ਤੱਕ ਪਹੁੰਚ ਹਾਸਲ ਕਰਕੇ ਆਪਣੀ ਸਮਰੱਥਾ ਵਧਾ ਲਈ ਹੈ। ਉਨ੍ਹਾਂ ਸਪੱਸ਼ਟ ਤੌਰ ’ਤੇ ਪਾਕਿਸਤਾਨ ਦੇ ਸੰਦਰਭ ’ਚ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਅਤਿਵਾਦ ਵਿਰੋਧੀ ਜਥੇਬੰਦੀ ਉਨ੍ਹਾਂ ਦੇਸ਼ਾਂ ਨੂੰ ਚੌਕਸ ਕਰਨ ਲਈ ਅਸਰਦਾਰ ਹੈ ਜਿਨ੍ਹਾਂ ਅਤਿਵਾਦ ਨੂੰ ਮੁਲਕ ਵੱਲੋਂ ਵਿੱਤੀ ਸਾਧਨ ਮੁਹੱਈਆ ਕਰਾਉਣ ਦਾ ਉੱਦਮ ਬਣਾ ਲਿਆ ਹੈ। ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੇ ਸਾਰੇ 15 ਮੈਂਬਰ ਮੁਲਕਾਂ ਦੇ ਨੁਮਾਇੰਦੇ ਦਿੱਲੀ ’ਚ ਹੋ ਰਹੀ ਇਸ ਮੀਟਿੰਗ ਦੇ ਦੂਜੇ ਦਿਨ ਦੇ ਸੈਸ਼ਨ ’ਚ ਹਿੱਸਾ ਲੈ ਰਹੇ ਹਨ। ਪਹਿਲੇ ਦਿਨ ਦਾ ਸੈਸ਼ਨ ਮੁੰਬਈ ’ਚ ਹੋਇਆ ਸੀ। ਅਤਿਵਾਦ ਦੇ ਟਾਕਰੇ ’ਚ ਭਾਰਤ ਦੀ ਵਚਨਬੱਧਤਾ ਦੁਹਰਾਉਂਦਿਆਂ ਵਿਦੇਸ਼ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਮੁਲਕ ਇਸ ਸਾਲ ਸੰਯੁਕਤ ਰਾਸ਼ਟਰ ਟਰੱਸਟ ਫੰਡ ਫਾਰ ਕਾਊਂਟਰ ਟੈਰਾਰਿਜ਼ਮ ’ਚ ਪੰਜ ਲੱਖ ਡਾਲਰ ਦਾ ਯੋਗਦਾਨ ਦੇਵੇਗਾ। ਜੈਸ਼ੰਕਰ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ’ਚ ਉਭਰਦੀਆਂ ਤਕਨਾਲੋਜੀਆਂ ਅਰਥਚਾਰੇ ਅਤੇ ਸਮਾਜਿਕ ਨੀਤੀਆਂ ਨੂੰ ਲਾਭ ਪਹੁੰਚਾ ਰਹੀਆਂ ਹਨ ਪਰ ਇਸ ਦਾ ਦੂਜਾ ਪਹਿਲੂ ਇਹ ਹੈ ਕਿ ਅਤਿਵਾਦ ’ਚ ਵੀ ਉਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨੂੰ ਰੋਕਣ ਦੀ ਲੋੜ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਤਕਨਾਲੋਜੀ ਅਤੇ ਪੈਸੇ ਦੀ ਵਰਤੋਂ ਕਰਦਿਆਂ ਆਜ਼ਾਦੀ, ਸਹਿਣਸ਼ੀਲਤਾ ਅਤੇ ਪ੍ਰਗਤੀ ’ਤੇ ਹਮਲੇ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮਾਨਵ ਰਹਿਤ ਹਵਾਈ ਪ੍ਰਣਾਲੀਆਂ (ਡਰੋਨ) ਦੀ ਵਰਤੋਂ ਨੇ ਵੀ ਦੁਨੀਆ ਭਰ ’ਚ ਸਰਕਾਰਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ‘ਅਤਿਵਾਦੀ ਗੁੱਟਾਂ ਵੱਲੋਂ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਪਹੁੰਚਾਉਣ ਲਈ ਇਨ੍ਹਾਂ ਮਾਨਵ ਰਹਿਤ ਪ੍ਰਣਾਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ।’
ਅਤਿਵਾਦੀਆਂ ਦੇ ਵਿੱਤੀ ਸਾਧਨਾਂ ’ਤੇ ਰੋਕ ਲਾਉਣ ਦੀ ਲੋੜ: ਯੂਕੇ
ਨਵੀਂ ਦਿੱਲੀ: ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਮਸ ਕਲੈਵਰਲੀ ਨੇ ਕੌਮਾਂਤਰੀ ਭਾਈਚਾਰੇ ਨੂੰ ਕਿਹਾ ਹੈ ਕਿ ਅਤਿਵਾਦੀਆਂ ਦੇ ਵਿੱਤੀ ਸਾਧਨਾਂ ਅਤੇ ਉਭਰਦੀਆਂ ਤਕਨਾਲੋਜੀਆਂ ਦੀ ਵਰਤੋਂ ’ਤੇ ਰੋਕ ਲਾਉਣ ਦੀ ਲੋੜ ਹੈ ਤਾਂ ਜੋ ਦੁਨੀਆ ਨੂੰ ਤਬਾਹੀ ਤੋਂ ਬਚਾਇਆ ਜਾ ਸਕੇ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਅਤਿਵਾਦ ਵਿਰੋਧੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮੁਲਕਾਂ ਨੂੰ ਆਲਮੀ ਦਹਿਸ਼ਤੀ ਭਰਤੀ ਪ੍ਰੋਗਰਾਮਾਂ ਸਮੇਤ ਆਨਲਾਈਨ ਫੈਲ ਰਹੇ ਦਹਿਸ਼ਤਵਾਦ ਦੇ ਟਾਕਰੇ ਦਾ ਸੱਦਾ ਵੀ ਦਿੱਤਾ। ਕਲੈਵਰਲੀ ਨੇ ਕਿਹਾ ਕਿ ਆਨਲਾਈਨ ਤਰੀਕਿਆਂ ਨਾਲ ਕਈ ਗਰੀਬ ਮੁਲਕਾਂ ਦੇ ਲੋਕ ਕੱਟੜਵਾਦ ਵੱਲ ਤੁਰ ਪਏ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਦਹਿਸ਼ਤੀ ਵਿਚਾਰਧਾਰਾ ਦੇ ਟਾਕਰੇ ਲਈ ਰਲ ਕੇ ਕੰਮ ਕਰਨਾ ਚਾਹੀਦਾ ਹੈ। -ਪੀਟੀਆਈ
ਅਤਿਵਾਦ ਨੂੰ ਬਿਲਕੁਲ ਵੀ ਸਹਿਣ ਨਾ ਕਰਨ ਦੀ ਨੀਤੀ ਬਣੇ: ਮੁਰਮੂ
ਨਵੀਂ ਦਿੱਲੀ: ਭਾਰਤ ਦੇ ਦਹਾਕਿਆਂ ਤੋਂ ਅਤਿਵਾਦ ਤੋਂ ਪੀੜਤ ਹੋਣ ਵੱਲ ਧਿਆਨ ਦਿਵਾਉਂਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਆਲਮੀ ਪੱਧਰ ’ਤੇ ਅਤਿਵਾਦ ਨਾਲ ਸਿੱਝਣ ਲਈ ਦਹਿਸ਼ਤਗਰਦੀ ਨੂੰ ਸਹਿਣ ਨਾ ਕਰਨ ਦੀ ਨੀਤੀ ਹੋਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਅਤਿਵਾਦ ਵਿਰੋਧੀ ਕਮੇਟੀ ਦੇ ਵਫ਼ਦਾਂ ਦੇ ਮੁਖੀਆਂ ਨੇ ਅੱਜ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਫ਼ਦ ਵੱਲੋਂ ਮੁੰਬਈ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਸ਼ੁਰੂ ਕੀਤੇ ਗਏ ਸਫ਼ਰ ਦੀ ਸ਼ਲਾਘਾ ਕੀਤੀ। ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਰਾਸ਼ਟਰਪਤੀ ਨੂੰ ਕਮੇਟੀ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ। -ਪੀਟੀਆਈ