ਜੈਪੁਰ, 7 ਅਕਤੂਬਰ
ਸਭ ਤੋਂ ਅਮੀਰ ਏਸ਼ਿਆਈ ਗੌਤਮ ਅਡਾਨੀ ਨੇ ਰਾਜਸਥਾਨ ਵਿੱਚ ਅਗਲੇ 5 ਤੋਂ 6 ਸਾਲ ਦੌਰਾਨ 10,000 ਮੈਗਾਵਾਟ ਸੂਰਜੀ ਊਰਜਾ ਸਮਰੱਥਾ ਵਾਲਾ ਮੈਗਾ ਪ੍ਰਾਜੈਕਟ ਲਾਉਣ, ਸੀਮਿੰਟ ਪਲਾਂਟ ਦੇ ਵਿਸਥਾਰ ਅਤੇ ਜੈਪੁਰ ਹਵਾਈ ਨੂੰ ਅਪਗ੍ਰੇਡ ਕਰਨ ਲਈ 65000 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।
ਅੱਜ ਇੱਥੇ ‘‘ਇਨਵੈਸਟ ਰਾਜਸਥਾਨ 2022 ਸੰਮੇਲਨ’’ ਦੌਰਾਨ ਬੋਲਦਿਆਂ ਗੌਤਮ ਅਡਾਨੀ ਨੇ ਕਿਹਾ ਕਿ ਅਡਾਨੀ ਗਰੁੱਪ ਪਹਿਲਾਂ ਹੀ ਰਾਜਸਥਾਨ ਵਿੱਚ ਇੱਕ ਥਰਮਲ ਪਲਾਂਟ ਚਲਾ ਰਿਹਾ ਹੈ, ਇੱਕ ਸੋਲਰ ਪਾਰਕ ਸਥਾਪਿਤ ਕੀਤਾ ਹੈ ਅਤੇ ਸੂਬੇ ਦੀਆਂ ਬਿਜਲੀ ਉਤਪਾਦਕ ਯੂਨਿਟਾਂ ਨੂੰ ਕੋਲਾ ਸਪਲਾਈ ਕਰਦਾ ਹੈ। ਅਡਾਨੀ ਗਰੁੱਪ ਨਵਿਆਉਣਯੋਗ ਊਰਜਾ ਵਿੱਚ 10,000 ਮੈਗਾਵਾਟ ਸਮਰੱਥਾ ਦੀਆਂ ਯੋਜਨਾਵਾਂ ਵਿੱਚ 50,000 ਕਰੋੜ ਰੁਪਏ ਨਿਵੇਸ਼ ਕਰ ਰਿਹਾ ਹੈ। ਅਡਾਨੀ ਨੇ ਕਿਹਾ, ‘‘ਅਸੀਂ ਸੂਬੇ ਵਿੱਚ ਹਫ਼ਤਾ ਕੁ ਪਹਿਲਾਂ ਹੀ ਦੁਨੀਆ ਦਾ ਸਭ ਤੋਂ ਵੱਡਾ ਪੌਣ-ਸੂਰਜੀ ਹਾਈਬ੍ਰਿਡ ਪਾਵਰ ਪਲਾਂਟ ਵਪਾਰਕ ਤੌਰ ’ਤੇ ਸ਼ੁਰੂ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗਰੁੱਪ ਸੂਬੇ ਵਿੱਚ ਸੀਮਿੰਟ ਉਤਪਾਦਨ ਸਮਰੱਥਾ ਨੂੰ ਦੁੱਗਣਾ ਕਰਨ ਲਈ 7000 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰੇਗਾ।
ਗੌਤਮ ਅਡਾਨੀ ਨੇ ਕਿਹਾ ਕਿ ਸੂਬੇ ਵਿੱਚ ਹੋਰ ਯੋਜਨਾਵਾਂ ਵਿੱਚ ਜੈਪੁਰ ਹਵਾਈ ਅੱਡੇ ਨੂੰ ਵਿਸ਼ਵ ਪੱਧਰੀ ਸਹੂਲਤਾਂ ਵਾਲਾ ਬਣਾਉਣਾ ਤੇ ਉਦਯੋਗਿਕ, ਵਪਾਰਕ, ਟਰਾਂਸਪੋਰਟ ਤੇ ਘਰੇਲੂ ਖ਼ਪਤਕਾਰਾਂ ਨੂੰ ਸਵੱਛ ਈਂਂਧਣ ਮੁਹੱਈਆ ਕਰਵਾਉਣ ਦੀ ਰਫ਼ਤਾਰ ਵਧਾਉਣ ਲਈ ਪੀਐੱਨਜੀ ਅਤੇ ਸੀਐੱਨਜੀ ਦੀ ਸਪਲਾਈ ਨੈੱਟਵਰਕ ਦਾ ਵਿਕਾਸ ਸ਼ਾਮਲ ਹੈ। -ਪੀਟੀਆਈ