ਨਵੀਂ ਦਿੱਲੀ, 21 ਨਵੰਬਰ
ਅਰਬਪਤੀ ਕਾਰੋਬਾਰੀ ਅਤੇ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਇਸ ਸਾਲ ਅਮੀਰ ਭਾਰਤੀਆਂ ਵਿੱਚੋਂ ਸਭ ਤੋਂ ਵੱਧ ਦੌਲਤ ਇਕੱਠੀ ਕਰਨ ’ਚ ਮੋਹਰੀ ਰਹੇ ਹਨ। ਇਸ ਦੌੜ ’ਚ ਉਨ੍ਹਾਂ ਨੇ ਏਸ਼ੀਆ ਦੇ ਸਭ ਤੋਂ ਦੌਲਤਮੰਦ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਵੀ ਪਛਾੜ ਦਿੱਤਾ। ਹਾਲਾਂਕਿ ਕੁੱਲ ਜਾਇਦਾਦ ਦੇ ਮਾਮਲੇ ’ਚ ਅੰਬਾਨੀ 10ਵੇਂ ਜਦਕਿ ਅਡਾਨੀ 40ਵੇਂ ਸਥਾਨ ’ਤੇ ਹਨ।
ਬਲੂਮਬਰਗ ਬਿਲੀਅਨੇਅਰ ਇੰਡੈਕਸ ਮੁਤਾਬਕ ਇਸ ਸਾਲ ਦੇ ਸ਼ੁਰੂਆਤੀ ਸਾਢੇ 10 ਮਹੀਨਿਆਂ ’ਚ ਗੌਤਮ ਅਡਾਨੀ ਦੀ ਜਾਇਦਾਦ 1.41 ਲੱਖ ਕਰੋੜ ਰੁਪਏ (19.1 ਅਰਬ ਡਾਲਰ) ਵਧੀ ਹੈ। ਭਾਵ ਕਿ ਅਡਾਨੀ ਨੇ ਆਪਣੀ ਦੌਲਤ ’ਚ ਰੋਜ਼ਾਨਾ 449 ਕਰੋੜ ਰੁਪਏ ਜੋੜੇ। ਦੂਜੇ ਪਾਸੇ ਮੁਕੇਸ਼ ਅੰਬਾਨੀ ਹੁਣ ਤਕ ਆਪਣੀ ਜਾਇਦਾਦ ’ਚ 1.21 ਲੱਖ ਕਰੋੜ ਰੁਪਏ (16.4 ਅਰਬ ਡਾਲਰ) ਹੀ ਜੋੜ ਸਕੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਜਾਇਦਾਦ ’ਚ ਰੋਜ਼ਾਨਾ 385 ਕਰੋੜ ਰੁਪਏ ਦਾ ਵਾਧਾ ਕੀਤਾ।
ਬਲੂਮਬਰਗ ਬਿਲੀਅਨੇਅਰ ਇੰਡੈਕਸ ਦੇ ਹਿਸਾਬ ਨਾਲ ਗੌਤਮ ਅਡਾਨੀ ਦੌਲਤ ਜੋੜਨ ਦੇ ਮਾਮਲੇ ’ਚ ਦੁਨੀਆ ਵਿੱਚ 9ਵੇਂ ਸਥਾਨ ’ਤੇ ਹਨ। ਇਹੀ ਨਹੀਂ ਇਸ ਮਾਮਲੇ ’ਚ ਉਹ ਦੁਨੀਆ ਦੇ ਦੂਜੇ (ਬਿਲ ਗੇਟਸ), ਸਤਵੇਂ (ਲੈਰੀ ਪੇਜ) ਅਤੇ ਨੌਵੇਂ (ਸਟੀਵ ਬਾਲਮਰ) ਨੰਬਰ ਦੇ ਅਰਬਪਤੀਆਂ ਨੂੰ ਵੀ ਪਿੱਛੇ ਛੱਡ ਗਏ। ਫਿਲਹਾਲ ਗੌਤਮ ਅਡਾਨੀ ਦੀ ਕੁੱਲ ਜਾਇਦਾਦ 2.25 ਲੱਖ ਕਰੋੜ ਰੁਪਏ (30.4 ਅਰਬ ਡਾਲਰ) ਹੈ। ਉਹ ਇਸ ਸੂਚੀ ਵਿੱਚ 40ਵੇਂ ਸਥਾਨ ’ਤੇ ਹਨ। ਦੂੁਜੇ ਪਾਸੇ ਮੁਕੇਸ਼ ਅੰਬਾਨੀ ਦੀ ਜਾਇਦਾਦ 1.21 ਲੱਖ ਕਰੋੜ ਰੁਪਏ ਦੇ ਵਾਧੇ ਮਗਰੋਂ 5.55 ਲੱਖ ਕਰੋੜ ਰੁਪਏ (75 ਅਰਬ ਡਾਲਰ) ਹੋ ਗਈ ਹੈ। ਸੂਚੀ ਮੁਤਾਬਕ ਉਹ ਦੁਨੀਆ ਦੇ 10ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਇਸ ਸਾਲ ਸਭ ਤੋਂ ਵੱਧ ਜਾਇਦਾਦ ਟੈਸਲਾ ਕੰਪਨੀ ਦੇ ਐਲਨ ਮਸਕ ਨੇ ਜੋੜੀ ਹੈ। ਇਸ ਦੇ ਚੱਲਦਿਆਂ ਮਸਕ ਦੀ ਜਾਇਦਾਦ 7.03 ਲੱਖ ਕਰੋੜ (95 ਅਰਬ ਡਾਲਰ) ਵਧ ਕੇ 9.10 ਲੱਖ ਕਰੋੜ (123 ਅਰਬ ਡਾਲਰ) ਹੋ ਗਈ ਹੈ। ਸੂਚੀ ਵਿੱਚ ਐਮਾਜ਼ੋਨ ਦੇ ਜ਼ੈਫ ਬੇਜੋਸ 13.61 ਲੱਖ ਕਰੋੜ (184 ਅਰਬ ਡਾਲਰ) ਦੀ ਜਾਇਦਾਦ ਨਾਲ ਪਹਿਲੇ ਸਥਾਨ ’ਤੇ ਹਨ। -ਏਜੰਸੀ
ਚਾਰ ਸ਼ੇਅਰਾਂ ਨੇ ਵਧਾਈ ਅਡਾਨੀ ਦੀ ਦੌਲਤ
ਗੌਤਮ ਅਡਾਨੀ ਦੀ ਦੌਲਤ ਉਨ੍ਹਾਂ ਦੀ ਕੰਪਨੀ ਦੇ ਚਾਰ ਸ਼ੇਅਰਾਂ ’ਚ ਜਬਰਦਸਤ ਵਾਧੇ ਸਦਕਾ ਵਧੀ ਹੈ। ਇਹ ਚਾਰ ਸ਼ੇਅਰ ਅਡਾਨੀ ਗਰੀਨ ਐਨਰਜੀ, ਅਡਾਨੀ ਐਂਟਰਪ੍ਰਾਈਜ਼ਿਜ਼, ਅਡਾਨੀ ਗੈਸ ਅਤੇ ਅਡਾਨੀ ਟਰਾਂਸਮਿਸ਼ਨ ਦੇ ਹਨ। ਅਡਾਨੀ ਗਰੀਨ ਦੇ ਸ਼ੇਅਰ 2020 ’ਚ 1049 ਫ਼ੀਸਦੀ ਵਧ ਚੁੱਕੇ ਹਨ। ਅਡਾਨੀ ਗੈਸ ਅਤੇ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰ ਕ੍ਰਮਵਾਰ 103 ਫ਼ੀਸਦ ਅਤੇ 85 ਫ਼ੀਸਦੀ ਤਕ ਵਧੇ। ਟਰਾਂਸਮਿਸ਼ਨ ਅਤੇ ਪੋਰਟਸ ਦੇ ਸ਼ੇਅਰ ਕ੍ਰਮਵਾਰ 38 ਅਤੇ 4 ਫ਼ੀਸਦੀ ਵਧ ਚੁੱਕੇ ਹਨ। ਹਾਲਾਂਕਿ ਅਡਾਨੀ ਪਾਵਰ ਦੇ ਸ਼ੇਅਰਾਂ ’ਚ 38 ਫ਼ੀਸਦੀ ਗਿਰਾਵਟ ਆਈ ਹੈ।