ਮੁੰਬਈ: ਮਸ਼ਹੂਰ ਕਾਮੇਡੀਅਨ-ਫ਼ਿਲਮਸਾਜ਼ ਮਹਿਮੂਦ ਦੀ ਭੈਣ ਤੇ ਉੱਘੀ ਅਭਿਨੇਤਰੀ-ਨ੍ਰਿਤ ਕਲਾਕਾਰ ਮੀਨੂ ਮੁਮਤਾਜ਼ ਦਾ ਟੋਰਾਂਟੋ ਵਿਚ ਦੇਹਾਂਤ ਹੋ ਗਿਆ ਹੈ। ਮੀਨੂ ਦੀ ਸਿਹਤ ਠੀਕ ਨਹੀਂ ਸੀ ਤੇ ਉਹ ਹਸਪਤਾਲ ਦਾਖਲ ਸੀ। ਪਰਿਵਾਰ ਮੁਤਾਬਕ ਬਜ਼ੁਰਗ ਮੁਮਤਾਜ਼ ਨੂੰ ਕੈਂਸਰ ਤੇ ਕਈ ਹੋਰ ਬਿਮਾਰੀਆਂ ਸਨ। ਮੀਨੂ ਮੁਮਤਾਜ਼ ਸਾਇਰਾ ਬਾਨੋ ਦੇ ਜ਼ਮਾਨੇ ਦੀ ਅਭਿਨੇਤਰੀ ਸੀ ਤੇ ਭਾਰਤ ਆ ਕੇ ਆਪਣੇ ਜ਼ਮਾਨੇ ਦੇ ਕਲਾਕਾਰਾਂ ਨੂੰ ਅਕਸਰ ਮਿਲਦੀ ਰਹਿੰਦੀ ਸੀ। ਮੁਮਤਾਜ਼ ਅਲੀ ਦੀ ਧੀ ਨੇ 1950-60 ਦਰਮਿਆਨ ਕਈ ਫ਼ਿਲਮਾਂ ’ਚ ਕੰਮ ਕੀਤਾ। ਉਹ ਮੁਗ਼ਲ-ਏ-ਆਜ਼ਮ ’ਚ ਵੀ ਨਜ਼ਰ ਆਈ। ਹੋਰ ਕਈ ਮਸ਼ਹੂਰ ਫ਼ਿਲਮਾਂ ਦੇ ਗੀਤਾਂ ਵਿਚ ਵੀ ਉਸ ਨੇ ਨ੍ਰਿਤ ਕਲਾ ਦੇ ਜੌਹਰ ਦਿਖਾਏ। ਉਨ੍ਹਾਂ ਦੇ ਪਰਿਵਾਰ ਵਿਚ ਪਤੀ ਤੋਂ ਇਲਾਵਾ ਇਕ ਪੁੱਤਰ ਤੇ ਤਿੰਨ ਧੀਆਂ ਹਨ। -ਪੀਟੀਆਈ