ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਫਰਵਰੀ
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚਿਆਂ ਉੱਪਰ ਡਟੇ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਦੇ ਕਰੀਬ 40 ਅਦਾਕਾਰਾਂ ਗਾਇਕਾਂ ਤੇ ਹੋਰ ਫਨਕਾਰਾਂ ਨੇ ਟਿਕਰੀ ਤੇ ਸਿੰਘੂ ਬਾਰਡਰਾਂ ’ਤੇ ਫੇਰੀ ਪਾਈ ਤੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਹੌਸਲੇ ਵਧਾਏ ਤੇ ਕਿਸਾਨਾਂ ਦੀ ਦ੍ਰਿੜਤਾ ਨੂੰ ਸਲਾਮ ਕੀਤਾ। ਦਿੱਲੀ ਪੁਲੀਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਮਨਦੀਪ ਪੁਨੀਆ ਨੇ ਵੀ ਸਿੰਘੂ ਦੀ ਸਟੇਜ ਤੋਂ ਹਾਜ਼ਰੀ ਲੁਆਈ।
ਬੱਬੂ ਮਾਨ ਨੇ ਗਾਜ਼ੀਪੁਰ ਤੇ ਸਿੰਘੂ ’ਚ ਕਿਸਾਨਾਂ ਨੂੰ ਸ਼ਾਂਤਮਈ ਅੰਦੋਲਨ ਕਾਇਮ ਰੱਖਣ ਲਈ ਧੰਨਵਾਦ ਕੀਤਾ। ਬੱਬੂ ਮਾਨ ਨੇ ਕਿਹਾ ਦੇਸ਼ ਵਿੱਚ ਹੋਰ ਸੁਧਾਰ ਕੀਤਾ ਜਾਣਾ ਜ਼ਰੂਰੀ ਸੀ ਤੇ ਪੰਜਾਬ ਦੇ ਕਿਸਾਨਾਂ ਨੇ ਇਸ ਦੀ ਪਹਿਲ ਕਰ ਦਿੱਤੀ ਹੈ। ਯੋਗਰਾਜ ਨੇ ਕਿਸਾਨ ਯੂਨੀਅਨਾਂ ਵੱਲੋਂ ਸ਼ਾਂਤੀ ਕਾਇਮ ਰੱਖਣ ਬਾਰੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਮੁੰਬਈ ਵਾਲੇ ਕਲਾਕਾਰ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ ਇਸ ਲਈ ਹੁਣ ਪੰਜਾਬ ਵਿੱਚ ਮੁੰਬਈ ਵਾਲਿਆਂ ਦੀਆਂ ਫ਼ਿਲਮਾਂ ਦੀ ਸ਼ੂਟਿੰਗ ਨਹੀਂ ਹੋਣ ਦੇਣੀ ਚਾਹੀਦੀ। ਉਨ੍ਹਾਂ ਕਿਹਾ, ‘ਚੜ੍ਹਦੀ ਕਲਾ ਵਿੱਚ ਰਹਿਣਾ ਹੈ, ਸ਼ਾਂਤੀ ਬਣਾਈ ਰੱਖਣੀ ਹੈ, ਸਰਕਾਰ ਤੁਹਾਡੀਆਂ ਮੰਗਾਂ ਮੰਨੇਗੀ’
ਮੰਚ ਸਾਂਭ ਰਹੇ ਮਲਕੀਤ ਸਿੰਘ ਰੌਣੀ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਕਲਾਕਾਰ ਵੀ ਸ਼ਾਂਤਮਈ ਅੰਦੋਲਨ ਵਿੱਚ ਸ਼ਾਮਲ ਹਨ। ਗੁਰਪ੍ਰੀਤ ਘੁੱਗੀ ਨੇ ਕਿਹਾ, ‘ਸਾਡੀਆਂ ਮਾਵਾਂ, ਭੈਣਾਂ ਤੇ ਬੱਚਿਆਂ ਦੀਆਂ ਹਾਜ਼ਰੀਆਂ ਮੋਰਚਿਆਂ ਵਿੱਚ ਲੱਗ ਰਹੀਆਂ ਹਨ।’ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕੀਤੀ ਤੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਮੀਡੀਆ ਤੇ ਚਾਪਲੂਸ ਹਨ ਪਰ ਜਿੱਤ ਕਿਸਾਨਾਂ ਦੀ ਹੋਣੀ ਹੈ ਜਿਨ੍ਹਾਂ ਕੋਲ 20 ਲੱਖ ‘ਅੰਦੋਲਨਜੀਵੀ’ ਹਨ। ਉਨ੍ਹਾਂ ਕਿਸਾਨਾਂ ਦੇ ਸਬਰ ਤੇ ਜ਼ਾਬਤੇ ਨੂੰ ਸਲਾਹਿਆ।
ਇਸ ਮੌਕੇ ਪੰਮੀ ਬਾਈ, ਚਾਚਾ ਰੌਣਕੀ ਰਾਮ, ਸੁਨੀਤਾ ਧੀਰ, ਰਾਜਵੀਰ ਜਵੰਧਾ, ਸਰਦਾਰ ਸੋਹੀ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਗੁਰਪ੍ਰੀਤ ਸਾਜਨ, ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ ਤੇ ਹੋਰ ਕਲਾਕਾਰਾਂ, ਗਾਇਕਾਂ ਨੇ ਮੋਰਚੇ ਵੀ ਸ਼ਮੂਲੀਅਤ ਕੀਤੀ।