ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਦਸੰਬਰ
ਸਿੰਘੂ ਬਾਰਡਰ ਉੱਪਰ ‘ਰਾਈਟ ਟੂ ਹੈਲਪ ਵੈੱਲਫੇਅਰ ਸੁਸਾਇਟੀ’ ਵੱਲੋਂ ਜੰਗੀ ਕਿਤਾਬ ਘਰ ਦਾ ਸਟਾਲ ਲਾਇਆ ਗਿਆ ਹੈ ਜਿਸ ਵਿੱਚ ਉਹ ਕਿਤਾਬਾਂ ਰੱਖੀਆਂ ਗਈਆਂ ਹਨ ਜੋ ਇਤਿਹਾਸ ਦੇ ਵੱਡੇ ਸੰਘਰਸ਼ਾਂ ਦੀਆਂ ਕਹਾਣੀਆਂ ਬਿਆਨਦੀਆਂ ਹਨ। ਇਸ ਸਟਾਲ ਉੱਪਰ ਪੰਜਾਬੀ ਅਦਾਕਾਰ ਮਲਕੀਤ ਰੌਣੀ ਨੇ ਪਹੁੰਚ ਨੌਜਵਾਨਾਂ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਸ਼ਬਦ-ਸ਼ਕਤੀ ਨਾਲ ਦਿਮਾਗ ਰੌਸ਼ਨ ਹੁੰਦੇ ਹਨ।
ਇਸ ਸਟਾਲ ਦਾ ਪ੍ਰਬੰਧ ਨੌਜਵਾਨ ਜਸਵੀਰ ਸਿੰਘ, ਗੁਰਪਾਲ ਸਿੰਘ, ਕਿਰਨਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਕਰ ਰਹੇ ਹਨ। ਉਨ੍ਹਾਂ ਬਾਰਡਰ ਉੱਪਰ ਹੀ ਆਰਜ਼ੀ ਲਾਇਬਰੇਰੀ ਬਣਾਈ ਹੋਈ ਹੈ ਜਿੱਥੇ ਬੈਠ ਕੇ ਕੋਈ ਵੀ ਕਿਤਾਬ ਪੜ੍ਹ ਸਕਦਾ ਹੈ।
ਜਸਵੀਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਚੱਲ ਰਹੇ ਇਸ ਸੰਘਰਸ਼ ਦੌਰਾਨ ਕੁਝ ਸਮਾਂ ਖਾਲੀ ਮਿਲੇ ਤਾਂ ਕਿਸਾਨ ਹੋਰ ਵੱਡੇ ਸੰਘਰਸ਼ਾਂ ਦੇ ਰੂਬਰੂ ਹੋ ਸਕਦੇ ਹਨ। ਉਹ ਇੱਥੋਂ ਕਿਸਾਨਾਂ ਲਈ ਟਰਾਲੀਆਂ ਵਿੱਚ ਮੁਫ਼ਤ ਕਿਤਾਬਾਂ ਪੜ੍ਹਨ ਲਈ ਦਿੰਦੇ ਹਨ ਜੋ ਕਿਸਾਨ ਪੜ੍ਹ ਕੇ ਵਾਪਸ ਕਰ ਦਿੰਦੇ ਹਨ।