ਲਖਨਊ, 10 ਮਈ
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ’ਚ ਪੰਚਾਇਤੀ ਚੋਣਾਂ ਤੋਂ ਬਾਅਦ ਪਿੰਡਾਂ ’ਚ ਕਰੋਨਾਵਾਇਰਸ ਫੈਲਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਅਤੇ ਸਰਕਾਰ ਨੂੰ ਇਸ ਦੀ ਰੋਕਥਾਮ ਲਈ ਜੰਗੀ ਪੱਧਰ ’ਤੇ ਕੰਮ ਕਰਨ ਦੀ ਲੋੜ ਹੈ। ਮਾਇਆਵਤੀ ਨੇ ਟਵੀਟ ਕੀਤਾ, ‘ਉੱਤਰ ਪ੍ਰਦੇਸ਼ ’ਚ ਪੰਚਾਇਤੀ ਚੋਣਾਂ ਮੁੱਕਣ ਤੋਂ ਬਾਅਦ ਹੁਣ ਇੱਥੇ ਤੇ ਖਾਸ ਕਰਕੇ ਛੋਟੇ ਕਸਬਿਆਂ ਤੇ ਦੇਹਾਤ ’ਚ ਬਹੁਤ ਤੇਜ਼ੀ ਨਾਲ ਕਰੋਨਾਵਾਇਰਸ ਮਹਾਮਾਰੀ ਫੈਲਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਲੋਕ ਦਹਿਸ਼ਤ ’ਚ ਹਨ। ਸਰਕਾਰ ਨੂੰ ਇਸ ਦੀ ਰੋਕਥਾਮ ਲਈ ਜੰਗੀ ਪੱਧਰ ’ਤੇ ਕੰਮ ਕਰਨ ਦੀ ਸਖ਼ਤ ਲੋੜ ਹੈ ਤੇ ਬਸਪਾ ਇਹ ਮੰਗ ਕਰਦੀ ਹੈ।’ ਉਨ੍ਹਾਂ ਕਿਹਾ ਕਿ ਦੇਸ਼ ਦੇ ਜਿਨ੍ਹਾਂ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਖਤਮ ਹੋਣ ਮਗਰੋਂ ਕਰੋਨਾ ਦੇ ਕੇਸ ਵੱਧ ਰਹੇ ਹਨ, ਉੱਥੋਂ ਦੀਆਂ ਰਾਜ ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਲੋੜ ਹੈ। -ਪੀਟੀਆਈ