ਮੁੰਬਈ, 15 ਜੁਲਾਈ
ਨੈਸ਼ਨਲਿਸਟ ਕਾਂਗਰਸ ਪਾਰਟੀ ਨੇ ਅੱਜ ਇੱਥੇ ਦੋਸ਼ ਲਾਇਆ ਹੈ ਕਿ ਕੌਮਾਂਤਰੀ ਸੰਚਾਰ ਪਲੇਟਫਾਰਮ ਨੂੰ ਨਿਸ਼ਾਨਾ ਬਣਾ ਕੇ ਕੇਂਦਰ ਸਰਕਾਰ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਟਵਿੱਟਰ ਵੱਲੋਂ ਹਾਲ ਹੀ ਵਿਚ ਜਾਰੀ ਕੀਤੀ ਗਈ ਆਪਣੀ ਪਾਰਦਰਸ਼ਤਾ ਰਿਪੋਰਟ ਵਿਚ ਕੀਤੇ ਗਏ ਖੁਲਾਸਿਆਂ ਦਾ ਹਵਾਲਾ ਦਿੰਦਿਆ ਐੱਨਸੀਪੀ ਦੇ ਕੌਮੀ ਬੁਲਾਰੇ ਅਤੇ ਮੰਤਰੀ ਨਵਾਬ ਮਲਿਕ ਨੇ ਰੋਜ਼ਾਨਾ ਆਧਾਰ ’ਤੇ ਸੂਚਨਾ ਮੰਗ ਕੇ ਟਵਿੱਟਰ ਨੂੰ ਪ੍ਰੇਸ਼ਾਨ ਕਰਨ ਦੀਆਂ ਕਥਿਤ ਕੋਸ਼ਿਸ਼ਾਂ ਲਈ ਕੇਂਦਰ ਸਰਕਾਰ ਨੂੰ ਲੰਬੇ ਹੱਥੀਂ ਲਿਆ।
ਸ੍ਰੀ ਮਲਿਕ ਨੇ ਕਿਹਾ, ‘‘ਟਵਿੱਟਰ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਆਮ ਲੋਕ ਆਪਣੇ ਵਿਚਾਰ ਪਾਰਦਰਸ਼ੀ ਢੰਗ ਨਾਲ ਸਭ ਤੱਕ ਪਹੁੰਚਾ ਸਕਦੇ ਹਨ। ਇੱਥੋਂ ਤੱਕ ਕਿ ਭਾਰਤ ਵਿਚ ਵੱਡੀ ਗਿਣਤੀ ਲੋਕ ਆਜ਼ਾਦੀ ਨਾਲ ਤੇ ਬਿਨਾ ਕਿਸੇ ਡਰ ਤੋਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਲਈ ਇਸ ਪਲੇਟਫਾਰਮ ਦਾ ਇਸਤੇਮਾਲ ਕਰਦੇ ਹਨ। ਇਹ ਪਲੇਟਫਾਰਮ ਉਨ੍ਹਾਂ ਨੂੰ ਅਨਿਆਂ ਨੂੰ ਜੱਗ-ਜ਼ਾਹਿਰ ਕਰਨ ਦਾ ਮੌਕਾ ਦਿੰਦਾ ਹੈ।’’
ਉਨ੍ਹਾਂ ਕਿਹਾ, ‘‘ਭਾਰਤ ਸਰਕਾਰ ਨੂੰ ਡਰ ਹੈ ਕਿ ਟਵਿੱਟਰ ਦੇ ਹੁੰਦਿਆਂ ਉਹ ਲੋਕਾਂ ਦੀ ਬੋਲਣ ਦੀ ਆਜ਼ਾਦੀ ਨਹੀਂ ਖੋਹ ਸਕੇਗੀ। ਇਸ ਦੇਸ਼ ਵਿਚ ਕਈ ਚੀਜ਼ਾਂ ਕਾਬੂ ਹੇਠ ਹਨ। ਇੱਥੇ ਆਪਣੀ ਆਵਾਜ਼ ਉਠਾਉਣ ਵਾਸਤੇ ਲੋਕਾਂ ਕੋਲ ਕੋਈ ਪਲੇਟਫਾਰਮ ਨਹੀਂ ਹੈ। ਟਵਿੱਟਰ ਸੱਚ ਦਾ ਖੁਲਾਸਾ ਕਰ ਰਿਹਾ ਹੈ, ਇਸ ਵਾਸਤੇ ਸਰਕਾਰ ਇਸ ਢੰਗ ਨਾਲ ਟਵਿੱਟਰ ਨੂੰ ਤੰਗ ਕਰ ਰਹੀ ਹੈ।’’
ਐੱਨਸੀਪੀ ਆਗੂ ਨੇ ਕਿਹਾ ਕਿ ਜੇਕਰ ਫ਼ਰਜ਼ੀ ਸੁਨੇਹੇ ਜਾਂ ਵੀਡੀਓ ਪਾਏ ਜਾਂਦੇ ਹਨ ਤਾਂ ਦੇਸ਼ ਵਿਚ ਆਈਟੀ ਐਕਟ ਸਣੇ ਕਈ ਅਜਿਹੇ ਕਾਨੂੰਨ ਹਨ ਜਿਨ੍ਹਾਂ ਰਾਹੀਂ ਇਸ ਸਭ ਨੂੰ ਰੋਕਿਆ ਜਾ ਸਕਦਾ ਹੈ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ ਜੋ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਹਨ। ਉਨ੍ਹਾਂ ਦੀਆਂ ਇਹ ਟਿੱਪਣੀਆਂ ਟਵਿੱਟਰ ਵੱਲੋਂ ਹਾਲ ਹੀ ਵਿਚ ਕੀਤੇ ਗਏ ਖੁਲਾਸਿਆਂ ਦੇ ਮੱਦੇਨਜ਼ਰ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਖਾਤਿਆਂ ਸਬੰਧੀ ਸੂਚਨਾਵਾਂ ਨਾਲ ਸਬੰਧਤ ਕੁੱਲ ਬੇਨਤੀਆਂ ’ਚੋਂ 25 ਫ਼ੀਸਦ ਭਾਰਤ ਵਿਚੋਂ ਆਉਂਦੀਆਂ ਹਨ ਜੋ ਕਿ ਦੁਨੀਆਂ ਵਿਚ ਸਭ ਤੋਂ ਵੱਧ ਹੈ। -ਆਈਏਐੱਨਐੱਸ