ਨਵੀਂ ਦਿੱਲੀ, 5 ਦਸੰਬਰ
ਮਹਾਰਾਸ਼ਟਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਕਾਨੂੰਨ ਤਹਿਤ ਭ੍ਰਿਸ਼ਟਾਚਾਰ ਖ਼ਿਲਾਫ਼ ਚੌਕਸ ਕਰਨ ਵਾਲਾ (ਵ੍ਹਿਸਲਬਲੋਅਰ) ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਨ੍ਹਾਂ ਆਪਣੇ ਤਬਾਦਲੇ ਤੋਂ ਬਾਅਦ ਹੀ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ ਬੋਲਣ ਦਾ ਫ਼ੈਸਲਾ ਕੀਤਾ ਸੀ। ਰਾਜ ਸਰਕਾਰ ਨੇ ਨਾਲ ਹੀ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਪਰਮਬੀਰ ਸਿੰਘ ਦੀ ਅਪੀਲ ਖਾਰਜ ਕੀਤੀ ਜਾਵੇ। ਜਸਟਿਸ ਐੱਸਕੇ ਕੌਲ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਲੰਘੀ 22 ਨਵੰਬਰ ਨੂੰ ਪਰਮਬੀਰ ਸਿੰਘ ਨੂੰ ਵੱਡੀ ਰਾਹਤ ਦਿੰਦਿਆਂ ਮਹਾਰਾਸ਼ਟਰ ਪੁਲੀਸ ਨੂੰ ਉਨ੍ਹਾਂ ਖ਼ਿਲਾਫ਼ ਦਰਜ ਅਪਰਾਧਿਕ ਕੇਸਾਂ ’ਚ ਗ੍ਰਿਫ਼ਤਾਰ ਨਾ ਕਰਨ ਦੀ ਹਦਾਇਤ ਕੀਤੀ ਸੀ ਤੇ ਹੈਰਾਨੀ ਜ਼ਾਹਿਰ ਕੀਤੀ ਸੀ ਕਿ ਜਦੋਂ ਪੁਲੀਸ ਅਧਿਕਾਰੀਆਂ ਤੇ ਜਬਰੀ ਵਸੂਲੀ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਲਈ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਤਾਂ ਇੱਕ ਆਮ ਆਦਮੀ ਦਾ ਕੀ ਹੋਵੇਗਾ। ਮਹਾਰਾਸ਼ਟਰ ਸਰਕਾਰ ਨੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਤੇ ਰਾਜ ਸਰਕਾਰ ਵੱਲੋਂ ਕਿਸੇ ਵੀ ਸਜ਼ਾਯੋਗ ਕਾਰਵਾਈ ’ਤੇ ਰੋਕ ਲਾਉਣ ਸਬੰਧੀ ਪਰਮਬੀਰ ਸਿੰਘ ਦੀ ਅਪੀਲ ਖਾਰਜ ਕਰਨ ਦੀ ਮੰਗ ਕੀਤੀ।
ਉਨ੍ਹਾਂ ਸਿਖਰਲੀ ਅਦਾਲਤ ’ਚ ਜਵਾਬੀ ਹਲਫ਼ਨਾਮਾ ਦਾਇਰ ਕਰਦਿਆਂ ਕਿਹਾ ਕਿ ਸਾਬਕਾ ਉੱਚ ਪੁਲੀਸ ਅਧਿਕਾਰੀ ਖ਼ਿਲਾਫ਼ ਅਪਰਾਧਿਕ ਕੇਸਾਂ ਦੀ ਚੱਲ ਰਹੀ ਜਾਂਚ ’ਚ ਦਖਲ ਨਹੀਂ ਦਿੱਤਾ ਜਾਣਾ ਚਾਹੀਦਾ। ਰਾਜ ਗ੍ਰਹਿ ਵਿਭਾਗ ਦੇ ਸੰਯੁਕਤ ਸਕੱਤਰ ਵੈਂਕਟੇਸ਼ ਮਾਧਵ ਵੱਲੋਂ ਦਾਇਰ ਹਲਫ਼ਨਾਮੇ ’ਚ ਕਿਹਾ ਗਿਆ ਹੈ, ‘ਅਪੀਲਕਰਤਾ (ਪਰਮਬੀਰ ਸਿੰਘ) ਨੂੰ ਵ੍ਹਿਸਲਬਲੋਅਰ ਨਹੀਂ ਮੰਨਿਆ ਜਾ ਸਕਦਾ।
ਮੈਂ ਕਹਿਣਾ ਚਾਹੁੰਦਾ ਹਾਂ ਕਿ ਮੌਜੂਦਾ ਐੱਸਐੱਲਪੀ (ਸਪੈਸ਼ਲ ਲੀਵ ਪਟੀਸ਼ਨ) ’ਚ ਕੀਤੇ ਗਏ ਦਾਅਵੇ ਦੇ ਉਲਟ ਅਪੀਲਕਰਤਾ ਵ੍ਹਿਸਲਬਲੋਅਰ ਸੁਰੱਖਿਆ ਐਕਟ, 2014 ਦੀਆਂ ਧਾਰਾਵਾਂ ਤਹਿਤ ਵ੍ਹਿਸਲਬਲੋਅਰ ਨਹੀਂ ਹਨ।’
ਰਾਜ ਸਰਕਾਰ ਨੇ ਕਿਹਾ ਕਿ ਪਰਮਬੀਰ ਸਿੰਘ ਇਸ ਅਪੀਲ ਰਾਹੀਂ ਆਪਣੇ ਖ਼ਿਲਾਫ਼ ਚੱਲ ਰਹੇ ਅਪਰਾਧਿਕ ਮਾਮਲਿਆਂ ਦੀ ਜਾਂਚ ’ਤੇ ਰੋਕ ਲਗਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਮੱਗਰੀ ਤੇ ਤੱਥਾਂ ਦਾ ਖੁਲਾਸਾ ਕਰਨ ’ਚ ਨਾਕਾਮ ਰਹੇ ਹਨ। ਸੁਪਰੀਮ ਕੋਰਟ ਨੇ ਪਰਮਬੀਰ ਸਿੰਘ ਦੀ ਅਪੀਲ ’ਤੇ ਸੁਣਵਾਈ ਲਈ ਛੇ ਦਸੰਬਰ ਦੀ ਤਾਰੀਕ ਤੈਅ ਕੀਤੀ ਹੈ। -ਪੀਟੀਆਈ
ਈਡੀ ਵੱਲੋਂ ਪਰਮਬੀਰ ਸਿੰਘ ਦੇ ਬਿਆਨ ਦਰਜ
ਮੁੰਬਈ/ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਹਾਰਾਸ਼ਟਰ ਪੁਲੀਸ ਅਸਟੈਬਲਿਸ਼ਮੈਂਟ ’ਚ ਕਥਿਤ ਬੇਨਿਯਮੀਆਂ ਨਾਲ ਜੁੜੇ ਕਾਲੇ ਧਨ ਨੂੰ ਸਫ਼ੈਦ ਕਰਨ ਨਾਲ ਸਬੰਧਤ ਕੇਸ ਦੀ ਜਾਂਚ ਦੇ ਸਿਲਸਿਲੇ ’ਚ ਮੁੰਬਈ ਦੇ ਮੁਅੱਤਲ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਦਾ ਬਿਆਨ ਦਰਜ ਕੀਤਾ ਹੈ। ਇਹ ਜਾਣਕਾਰੀ ਅੱਜ ਅਧਿਕਾਰਤ ਸੂਤਰਾਂ ਨੇ ਦਿੱਤੀ। ਇਹ ਬਿਆਨ ਤਿੰਨ ਦਸੰਬਰ ਨੂੰ ਏਜੰਸੀ ਦੇ ਦੱਖਣੀ ਮੁੰਬਈ ਸਥਿਤ ਦਫ਼ਤਰ ’ਚ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 59 ਸਾਲਾ ਸਾਬਕਾ ਪੁਲੀਸ ਕਮਿਸ਼ਨਰ ਤੋਂ ਕਰੀਬ ਪੰਜ ਘੰਟੇ ਤੱਕ ਪੁੱਛ ਪੜਤਾਲ ਕੀਤੀ ਗਈ ਜਿਸ ’ਚ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ’ਤੇ ਉਨ੍ਹਾਂ ਵੱਲੋਂ ਲਾਏ ਗਏ ਦੋਸ਼ਾਂ ਨਾਲ ਜੁੜੇ ਸਵਾਲ ਵੀ ਸ਼ਾਮਲ ਹਨ। ਐਨਫੋਰਸਮੈਂਟ ਡਾਇਰੈਕਟੋਰੇਟ ਪਹਿਲਾਂ ਤਿੰਨ ਵਾਰ ਪਰਮਬੀਰ ਸਿੰਘ ਨੂੰ ਸੰਮਨ ਕਰ ਚੁੱਕਾ ਸੀ ਪਰ ਉਹ ਕਦੀ ਪੇਸ਼ ਨਹੀਂ ਹੋਏ। ਪਰਮਬੀਰ ਸਿੰਘ ਨੂੰ ਮੁੜ ਤੋਂ ਸੰਮਨ ਕੀਤਾ ਜਾ ਸਕਦਾ ਹੈ। -ਪੀਟੀਆਈ