ਸ੍ਰੀਨਗਰ: ਵੱਖਵਾਦੀ ਆਗੂ ਮੀਰਵਾਈਜ਼ ਉਮਰ ਫਾਰੂਕ ਦੀ ਪਾਰਟੀ ਆਵਾਮੀ ਐਕਸ਼ਨ ਕਮੇਟੀ ਨੇ ਕਿਹਾ ਹੈ ਕਿ ਪੁਲੀਸ ਨੇ ਅੱਜ ਪੱਤਰਕਾਰਾਂ ਦੀ ਇੱਕ ਟੀਮ ਨੂੰ ਮੀਰਵਾਈਜ਼ ਨੂੰ ਮਿਲਣ ਤੋਂ ਰੋਕ ਦਿੱਤਾ ਜਿਨ੍ਹਾਂ ਨੂੰ 4 ਅਗਸਤ 2019 ਤੋਂ ਆਪਣੀ ਰਿਹਾਇਸ਼ ਛੱਡ ਕੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਕਮੇਟੀ ਨੇ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਵੱਲੋਂ ਮੀਰਵਾਈਜ਼ ਨੂੰ ਘਰ ’ਚ ਨਜ਼ਰਬੰਦ ਨਾ ਕਰ ਕੇ ਰੱਖਣ ਦੇ ਦਾਅਵੇ ਨੂੰ ਵੀ ਰੱਦ ਕਰ ਦਿੱਤਾ। ਆਵਾਮੀ ਐਕਸ਼ਨ ਕਮੇਟੀ ਨੇ ਕਿਹਾ ਕਿ ਬੀਬੀਸੀ ਦੇ ਇੱਕ ਪੱਤਰਕਾਰ (ਜਿਸਨੇ ਲੈਫਟੀਨੈਂਟ ਗਵਰਨਰ ਦੀ ਇੰਟਰਵਿਊ ਲਈ ਸੀ) ਸਮੇਤ ਪੱਤਰਕਾਰਾਂ ਦੀ ਟੀਮ ਤੇ ਉਨ੍ਹਾਂ ਹੁਰੀਅਤ ਆਗੂ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ’ਚ ਦਾਖ਼ਲ ਹੋਣ ਦਾ ਯਤਨ ਕੀਤਾ, ਪਰ ਇਸ ਦੌਰਾਨ ਗੇਟ ’ਤੇ ਮੌਜੂਦ ਪੁਲੀਸ ਤੇ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਜੋ ਗਲਤ ਤੇ ਲੋਕਤੰਤਰੀ ਮੁੱਲਾਂ ਦੇ ਖ਼ਿਲਾਫ਼ ਹੈ। ਹਾਲ ਦੀ ਘੜੀ, ਇਨ੍ਹਾਂ ਦੋਸ਼ਾਂ ਬਾਰੇ ਪੁਲੀਸ ਜਾਂ ਪ੍ਰਸ਼ਾਸਨ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਸ੍ਰੀ ਸਿਨਹਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮੀਰਵਾਈਜ਼ ਨੂੰ ਘਰ ’ਚ ਨਜ਼ਰਬੰਦ ਨਹੀਂ ਕੀਤਾ ਗਿਆ ਤੇ ਉਹ ਆਜ਼ਾਦ ਹਨ। -ਪੀਟੀਆਈ