ਬਲੀਆ (ਯੂਪੀ): ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਗੜਵਾਰ ਥਾਣਾ ਖੇਤਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਇੱਕ ਮੁਸਲਿਮ ਮਹਿਲਾ ਨੇ ਆਪਣੇ ਪਤੀ ’ਤੇ ਫੋਨ ’ਤੇ ਤਿੰਨ ਤਲਾਕ ਦੇਣ ਦਾ ਦੋਸ਼ ਲਾਇਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਵਿਆਹ ਮਊ ਜ਼ਿਲ੍ਹੇ ਦੇ ਕੁਤੁਬਦੀਨ ਉਸਮਾਨੀ ਨਾਲ ਹੋਇਆ ਸੀ। ਵਿਆਹ ਤੋਂ ਤਿੰਨ ਮਹੀਨੇ ਮਗਰੋਂ ਉਸ ਦਾ ਪਤੀ ਕਤਰ ਚਲਾ ਗਿਆ ਤੇ ਪਿੱਛੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਪ੍ਰੇਸ਼ਾਨ ਕਰ ਲੱਗ ਗਿਆ। ਉਸ ਨੇ ਇਸ ਬਾਰੇ ਆਪਣੇ ਪਤੀ ਨੂੰ ਫੋਨ ’ਤੇ ਦੱਸਿਆ ਤਾਂ ਉਲਟਾ ਉਹ ਉਸੇ ਨੂੰ ਹੀ ਧਮਕਾਉਣ ਲੱਗ ਪਿਆ। ਉਸ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਘਰੋਂ ਕੱਢ ਦਿੱਤਾ। ਉਸ ਨੇ ਇਸ ਬਾਰੇ ਆਪਣੇ ਪਤੀ ਨੂੰ ਦੱਸਿਆ ਤਾਂ ਉਸਮਾਨੀ ਨੇ ਫੋਨ ’ਤੇ ਹੀ ਤਿੰਨ ਤਲਾਕ ਦੇ ਦਿੱਤਾ। ਪੀੜਤਾਂ ਨੇ ਪੁਲੀਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ’ਚ ਕਾਰਵਾਈ ਕੀਤੀ ਜਾ ਰਹੀ ਹੈ।
-ਪੀਟੀਆਈ