ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਸੰਯੁਕਤ ਕਿਸਾਨ ਮੋਰਚੇ ਦੇ ‘ਹੈਲਪ ਡੈਸਕ’ ਮੁਤਾਬਕ ਅਜੇ ਵੀ 25 ਅੰਦੋਲਨਕਾਰੀ ਜਾਂ ਕਿਸਾਨ ਗੁੰਮ ਹਨ। ਹੈਲਪ ਡੈਸਕ ਨੇ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਬਾਰੇ ਦਿੱਲੀ ਦੇ ਵੱਖ-ਵੱਖ ਥਾਣਿਆਂ ਤੋਂ ਪਤਾ ਲਾਇਆ ਹੈ। ਕਰੀਬ 25 ਵਿਅਕਤੀਆਂ ਦੇ ਆਪਣੇ ਪਰਿਵਾਰਾਂ ਕੋਲ ਅਜੇ ਤੱਕ ਨਾ ਪਹੁੰਚਣ ਮਗਰੋਂ ਉਨ੍ਹਾਂ ਦੀ ਇਸ ਦੀ ਸੂਚਨਾ ਸਿੰਘੂ ਵਿਖੇ ਦਿੱਤੀ ਹੈ। ਅੰਦੋਲਨਕਾਰੀਆਂ ਨੂੰ ਦਿੱਲੀ ਪੁਲੀਸ ਵੱਲੋਂ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖੇ ਜਾਣ ਦੇ ਖ਼ਦਸ਼ਿਆਂ ਕਾਰਨ ਪਟੀਸ਼ਨ ਪਾਈ ਗਈ ਹੈ। ਸਿੰਘੂ ਬਾਰਡਰ ਦੇ ਮੁੱਖ ਮੰਚ ਪਿੱਛੇ ਸਥਾਪਤ ਇਸ ਡੈਸਕ ਲਈ ਕੰਮ ਕਰਦੀ ਮਾਨਸਾ ਦੀ ਵਕੀਲ ਰਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਹੁਣ ਤੱਕ 25 ਵਿਅਕਤੀਆਂ ਦੀ ਸੂਚਨਾ ਮਿਲੀ ਹੈ ਜੋ ਘਰਾਂ ਨੂੰ ਨਹੀਂ ਪਰਤੇ ਜਾਂ ਉਹ ਟਰਾਲੀਆਂ ਕੋਲ ਨਹੀਂ ਪੁੱਜੇ ਹਨ। ਕੁੱਝ ਅਜਿਹੇ ਨੌਜਵਾਨ ਵੀ ਹਨ ਜੋ ਦੋਸਤਾਂ ਨਾਲ ਦਿੱਲੀ ਦੇ ਬਾਰਡਰਾਂ ਉਪਰ ਚੱਲ ਰਹੇ ਧਰਨਿਆਂ ਵਿੱਚ ਸ਼ਾਮਲ ਹੋੋਏ ਸਨ ਅਤੇ 26 ਜਨਵਰੀ ਦੀ ਕਿਸਾਨ ਗਣਤੰਤਰ ਪਰੇਡ ਮਗਰੋਂ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਹੈ। ਰਮਨਦੀਪ ਕੌਰ ਨੇ ਦੱਸਿਆ ਕਿ ਹੁਣ ਤੱਕ 127 ਵਿਅਕਤੀਆਂ ਨੂੰ ਦਿੱਲੀ ਦੇ ਵੱਖ-ਵੱਖ ਥਾਣਿਆਂ ਦੀ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨ ਬਾਰੇ ਪਤਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗ੍ਰਿਫ਼ਤਾਰ 122 ਅੰਦੋਲਨਕਾਰੀਆਂ ਦੀ ਸੂਚੀ ਜਨਤਕ ਕੀਤੀ ਗਈ ਸੀ ਅਤੇ ਦਿੱਲੀ ਸਰਕਾਰ ਵੱਲੋਂ 115 ਵਿਅਕਤੀਆਂ ਦੇ ਗੁੰਮ ਜਾਂ ਗ੍ਰਿਫ਼ਤਾਰ ਹੋਣ ਬਾਰੇ ਦੱਸਿਆ ਗਿਆ ਸੀ। ਵਕੀਲ ਮੁਤਾਬਕ ਦੋਵੇਂ ਸੂਚੀਆਂ ਦਾ ਮਿਲਾਨ ਕੀਤਾ ਜਾ ਰਿਹਾ ਹੈ।