ਨਵੀਂ ਦਿੱਲੀ: ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਚੀਨ ਨਾਲ ਤਣਾਅ ਦਰਮਿਆਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਸੈਟੇਲਾਈਟ ਰਾਹੀਂ ਹਾਸਲ ਤਸਵੀਰਾਂ ਮੁਤਾਬਕ ਚੀਨ, ਭਾਰਤੀ ਇਲਾਕੇ ’ਚ ਦਾਖ਼ਲ ਹੋ ਚੁੱਕਾ ਹੈ। ਹਿੰਦੀ ’ਚ ਟਵੀਟ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਕੋਈ ਵੀ ਭਾਰਤੀ ਇਲਾਕੇ ’ਚ ਦਾਖ਼ਲ ਨਹੀਂ ਹੋਇਆ ਤੇ ਕਿਸੇ ਨੇ ਸਾਡੇ ਇਲਾਕੇ ’ਤੇ ਕਬਜ਼ਾ ਨਹੀਂ ਕੀਤਾ, ਪਰ ਸੈਟੇਲਾਈਟ ਰਾਹੀਂ ਹਾਸਲ ਤਸਵੀਰਾਂ ਤੋਂ ਸਾਫ਼ ਤੌਰ ’ਤੇ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਚੀਨ ਨੇ ਪੈਂਗੋਗ ਝੀਲ ਨੇੜੇ ਭਾਰਤ ਮਾਤਾ ਦੀ ਪਵਿੱਤਰ ਧਰਤੀ ’ਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਚੀਨ ਦੇ ਗੁੱਸੇ ਅੱਗੇ ਭਾਰਤੀ ਇਲਾਕੇ ਛੱਡ ਦੇਣ ਸਬੰਧੀ ਬਿਆਨ ਸਬੰਧੀ ਵੀ ਰਾਹੁਲ ਗਾਂਧੀ ਨੇ ਮੁੜ ਉਨ੍ਹਾਂ ਤੇ ਨਿਸ਼ਾਨਾ ਸੇਧਦਿਆਂ ਕਿਹਾ,‘ਨਰਿੰਦਰ ਮੋਦੀ ਅਸਲ ’ਚ ਸਰੰਡਰ ਮੋਦੀ ਹਨ।’ ਸ੍ਰੀ ਗਾਂਧੀ ਦੀ ਇਹ ਟਿੱਪਣੀ ਟਵਿੱਟਰ ’ਤੇ ਕੀਤੇ ਇੱਕ ਟਵੀਟ ’ਚ ਨਾਲ ਨੱਥੀ ਕੀਤੇ ਵਿਦੇਸ਼ੀ ਪ੍ਰਕਾਸ਼ਨ ’ਚ ਛਪੇ ਇੱਕ ਲੇਖ ਮਗਰੋਂ ਆਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦੀ ਟਿੱਪਣੀ ਨੂੰ ਟੈਗ ਕਰਦਿਆਂ ਲਿਖਿਆ ਹੈ,‘ਪ੍ਰਧਾਨ ਮੰਤਰੀ ਨੇ ਭਾਰਤੀ ਇਲਾਕੇ ਚੀਨ ਦੇ ਗੁੱਸੇ ਅੱਗੇ ਛੱਡ ਦਿੱਤੇ ਹਨ। ਜੇਕਰ ਜ਼ਮੀਨ ਚੀਨ ਦੇ ਕਬਜ਼ੇ ਵਾਲੀ ਸੀ ਤਾਂ ਸਾਡੇ ਫ਼ੌਜੀ ਕਿਹੜੀ ਜਗ੍ਹਾ ਮਾਰੇ ਗਏ?’ -ਆਈਏਐੱਨਐੱਸ