ਨਵੀਂ ਦਿੱਲੀ, 21 ਜੁਲਾਈ
ਨਾਗਪੁਰ ਦੀ ਕੇਂਦਰੀ ਜੇਲ੍ਹ ’ਚ ਕੈਦ ਜੀ.ਐੱਨ. ਸਾਈਬਾਬਾ ਨੂੰ ਕਿਸੇ ਮੈਡੀਕਲ ਸੰਸਥਾ ’ਚ ਤਬਦੀਲ ਕਰਨ ਬਾਰੇ ਅੰਗਹੀਣਾਂ ਨਾਲ ਜੁੜੇ ਇਕ ਸੰਗਠਨ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਖ਼ਲ ਮੰਗਿਆ ਹੈ। ਜ਼ਿਕਰਯੋਗ ਹੈ ਕਿ ਸਾਈਬਾਬਾ ਵ੍ਹੀਲਚੇਅਰ ’ਤੇ ਹਨ ਤੇ ‘ਐਨਪੀਆਰਡੀ’ ਨੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਮੰਗ ਕੀਤੀ ਹੈ। ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਸਾਈਬਾਬਾ ਜੋ ਕਿ ਮਾਓਵਾਦੀਆਂ ਨਾਲ ਸੰਪਰਕ ਹੋਣ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ, ਨੇ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਕੋਲ ਜ਼ਮਾਨਤ ਲਈ ਅਰਜ਼ੀ ਵੀ ਦਾਇਰ ਕੀਤੀ ਹੈ। ਇਸ ਲਈ ਕਮਜ਼ੋਰ ਸਿਹਤ ਤੇ ਕਰੋਨਾਵਾਇਰਸ ਦਾ ਹਵਾਲਾ ਦਿੱਤਾ ਗਿਆ ਹੈ। ਸਾਈਬਾਬਾ ਨੂੰ ਬਚਪਨ ਤੋਂ ਹੀ ਪੋਲੀਓ ਹੈ। ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਤੇ ਨਸਾਂ ਨਾਲ ਸਬੰਧਤ ਰੋਗ ਵੀ ਹੈ। ਸੰਗਠਨ ਨੇ ਕਿਹਾ ਹੈ ਕਿ ਸਾਈਬਾਬਾ ਨੂੰ ਜੇਲ੍ਹ ਵਿਚ ਬੇਹੱਦ ਮੁਸ਼ਕਲ ਆ ਰਹੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਜੇਲ੍ਹ ਕੰਪਲੈਕਸ ਤੱਕ ਕੋਈ ਪਹੁੰਚ ਨਹੀਂ ਹੈ। ਸਾਬਕਾ ਪ੍ਰੋਫੈਸਰ ਨਾਲ ਮਾੜਾ ਵਿਹਾਰ ਹੋ ਰਿਹਾ ਹੈ। ਅੰਡਾ ਸੈੱਲ ਵਿਚ ਉਹ ਬਿਲਕੁਲ ਇਕੱਲੇ ਹਨ ਤੇ ਸਾਫ਼-ਸਫ਼ਾਈ ਦਾ ਵੀ ਖ਼ਾਸ ਖਿਆਲ ਨਹੀਂ ਰੱਖਿਆ ਜਾ ਰਿਹਾ ਹੈ। -ਪੀਟੀਆਈ