ਨਵੀਂ ਦਿੱਲੀ/ਕੋਲਕਾਤਾ, 11 ਸਤੰਬਰ
ਈਡੀ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਨਜ਼ਦੀਕੀ ਰਿਸ਼ਤੇਦਾਰ ਮਾਨੇਕਾ ਗੰਭੀਰ ਨੂੰ ਸ਼ਨੀਵਾਰ ਰਾਤ ਇਥੇ ਕੋਲਕਾਤਾ ਹਵਾਈ ਅੱਡੇ ’ਤੇ ਵਿਦੇਸ਼ ਉਡਾਰੀ ਮਾਰਨ ਤੋਂ ਰੋਕ ਦਿੱਤਾ। ਈਡੀ ਨੇ ਬੈਨਰਜੀ ਨੂੰ ਮੌਕੇ ’ਤੇ ਹੀ ਸੰਮਨ ਸੌਂਪਦਿਆਂ 12 ਸਤੰਬਰ ਨੂੰ ਸਾਲਟ ਲੇਕ ਇਲਾਕੇ ਵਿਚਲੇ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਹੈ। ਗੰਭੀਰ ਸ਼ਨਿਚਰਵਾਰ ਰਾਤ 9 ਵਜੇ ਦੇ ਕਰੀਬ ਬੈਂਕਾਕ ਦੀ ਫਲਾਈਟ ਲਈ ਹਵਾਈ ਅੱਡੇ ਪੁੱਜੀ ਸੀ। ਸੂਤਰਾਂ ਨੇ ਕਿਹਾ ਕਿ ਗੰਭੀਰ ਨੂੰ ਸੰਘੀ ਏਜੰਸੀ ਵੱਲੋਂ ਉਸ ਖਿਲਾਫ਼ ਜਾਰੀ ‘ਲੁਕਆਊਟ’ ਸਰਕੁਲਰ ਦੇ ਆਧਾਰ ’ਤੇ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਨਾਂਹ ਕੀਤੀ ਗਈ ਸੀ। ਹਵਾਈ ਅੱਡੇ ਪੁੱਜੀ ਬੈਨਰਜੀ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਲਿਆ ਤੇ ਈਡੀ ਨੂੰ ਇਸ ਬਾਰੇ ਸੂਚਿਤ ਕੀਤਾ। ਸੰਘੀ ਏਜੰਸੀ ਨੇ ਗੱਲਬਾਤ ਕਰਨ ਮਗਰੋਂ ਬੈਨਰਜੀ ਨੂੰ ਵਿਦੇਸ਼ ਯਾਤਰਾ ਲਈ ਖੁੱਲ੍ਹ ਦੇਣ ਤੋਂ ਇਨਕਾਰ ਕਰ ਦਿੱਤਾ। ਕਾਬਿਲੇਗੌਰ ਹੈ ਕਿ ਕੋਲਕਾਤਾ ਹਾਈ ਕੋਰਟ ਨੇ ਅਗਸਤ ਵਿੱਚ ਈਡੀ ਨੂੰ ਹਦਾਇਤ ਕੀਤੀ ਸੀ ਕਿ ਉਹ ਕਥਿਤ ਕੋਲਾ ਘੁਟਾਲੇ ਕੇਸ ਵਿਚ ਗੰਭੀਰ ਤੋਂ ਦਿੱਲੀ ਦੀ ਥਾਂ ਕੋਲਕਾਤਾ ਵਿਚਲੇ ਖੇਤਰੀ ਦਫਤਰ ਵਿੱਚ ਹੀ ਪੁੱਛ-ਪੜਤਾਲ ਕਰੇ ਤੇ ਅਗਲੀ ਸੁਣਵਾਈ ਤੋਂ ਪਹਿਲਾਂ ਉਸ ਖਿਲਾਫ਼ ਕੋਈ ਕਾਰਵਾਈ ਨਾ ਕਰੇ। ਏਜੰਸੀ ਇਸ ਕੇਸ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਤੇ ਉਨ੍ਹਾਂ ਦੀ ਪਤਨੀ ਰੁਜਿਰਾ ਤੋਂ ਵੀ ਪੁੱਛ-ਪੜਤਾਲ ਕਰ ਚੁੱਕੀ ਹੈ। -ਪੀਟੀਆਈ
ਫਰੌਡ ਗੇਮਿੰਗ ਐਪ ਕੇਸ ਦਾ ਮੁੱਖ ਮੁਲਜ਼ਮ ਈਡੀ ਦੀ ਗ੍ਰਿਫ਼ਤ ਤੋਂ ਬਾਹਰ
ਨਵੀਂ ਦਿੱਲੀ/ਕੋਲਕਾਤਾ: ਈਡੀ ਨੇ ਅੱਜ ਕਿਹਾ ਕਿ ਧੋਖਾਧੜੀ ਗੇਮਿੰਗ ਐਪ ਕੇਸ ਦਾ ਮੁੱਖ ਮੁਲਜ਼ਮ ਆਮਿਰ ਖ਼ਾਨ ਅਜੇ ਵੀ ਉਸ ਦੀ ਗ੍ਰਿਫ਼ਤ ਤੋਂ ਦੂਰ ਹੈ। ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਜਾਂਚ ਨਾਲ ਜੁੜੇ ਕੇਸ ਵਿੱਚ ਕੋਲਕਾਤਾ ਆਧਾਰਿਤ ਮੋਬਾਈਲ ਗੇਮਿੰਗ ਕੰਪਨੀ ਦੇ ਪ੍ਰੋਮੋਟਰਾਂ ਦੇ ਟਿਕਾਣਿਆਂ ’ਤੇ ਮਾਰੇ ਛਾਪਿਆਂ ਦੌਰਾਨ 17.32 ਕਰੋੜ ਰੁਪਏ ਦੀ ਨਗ਼ਦੀ ਬਰਾਮਦ ਕੀਤੀ ਸੀ। ਏਜੰਸੀ ਨੇ ਕਿਹਾ ਕਿ ਉਹ ਐਪ ਪ੍ਰੋਮੋਟਰਾਂ ਦੇ ‘ਸਿਆਸੀ ਆਗੂਆਂ ਨਾਲ ਰਿਸ਼ਤਿਆਂ’ ਦੀ ਜਾਂਚ ਕਰ ਰਹੀ ਹੈ ਤੇ ਇਹ ਪਤਾ ਲਾਉਣਾ ਚਾਹੁੰਦੀ ਹੈ ਕਿ ਇਸ ਨਗ਼ਦੀ ਦਾ ਅਸਲ ਲਾਭਪਾਤਰੀ ਕੌਣ ਹੈ। ਸੰਘੀ ਜਾਂਚ ਏਜੰਸੀ ਵੱਲੋਂ ਜਾਰੀ ਤਸਵੀਰ ਵਿੱਚ ਬੈੱਡ ’ਤੇ ਲੱਗਾ ਨਗ਼ਦੀ ਦਾ ਢੇਰ ਨਜ਼ਰ ਆਉਂਦਾ ਹੈ, ਜਿਸ ਵਿੱਚ ਪੰਜ ਸੌ, 2000, 200 ਤੇ ਸੌ ਦੇ ਨੋਟਾਂ ਦੇ ਬੰਡਲ ਹਨ। ਸੂਤਰਾਂ ਨੇ ਕਿਹਾ ਕਿ ਇਹ ਨਗ਼ਦੀ ਜਿਸ ਟਿਕਾਣੇ ਤੋਂ ਮਿਲੀ ਹੈ, ਉਸ ਦਾ ਸਿਰਨਾਵਾਂ ‘ਐੱਫ 7 ਐੱਨਏ.ਖਾਨ ਸੀ ਤੇ ਇਹ ਥਾਂ ਕੋਲਕਾਤਾ ਦੇ ਗਾਰਡਨ ਰੀਚ ਇਲਾਕੇ ਵਿੱਚ ਹੈ। -ਪੀਟੀਆਈ