ਨਵੀਂ ਦਿੱਲੀ, 21 ਮਾਰਚ
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਪੱਛਮੀ ਬੰਗਾਲ ਵਿੱਚ ਹੋਏ ਕਥਿਤ ਕੋਲਾ ਘੁਟਾਲੇ ਨਾਲ ਸਬੰਧਤ ਕਾਲੇ ਧਨ ਨੂੰ ਸਫੈਦ ਕਰਨ ਦੇ ਇਕ ਮਾਮਲੇ ਵਿੱਚ ਪੁੱਛਗਿਛ ਲਈ ਅੱਜ ਦਿੱਲੀ ਵਿੱਚ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਈਡੀ ਵੱਲੋਂ ਉਨ੍ਹਾਂ ਕੋਲੋਂ ਕਰੀਬ ਅੱਠ ਘੰਟੇ ਤੱਕ ਪੁੱਛਗਿਛ ਕੀਤੀ ਗਈ। ਤ੍ਰਿਣਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ (34) ਨੂੰ ਮੱਧ ਦਿੱਲੀ ਸਥਿਤ ਕੇਂਦਰੀ ਜਾਂਚ ਏਜੰਸੀ ਦੇ ਨਵੇਂ ਦਫ਼ਤਰ ਵਿੱਚ ਸਵੇਰੇ ਕਰੀਬ 11 ਵਜੇ ਦਾਖ਼ਲ ਹੁੰਦੇ ਦੇਖਿਆ ਗਿਆ ਅਤੇ ਉਹ ਰਾਤ ਨੂੰ 8 ਵਜੇ ਤੋਂ ਕੁਝ ਦੇਰ ਪਹਿਲਾਂ ਦਫ਼ਤਰ ’ਚੋਂ ਬਾਹਰ ਨਿਕਲੇ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਨਿੱਜੀ ਸੁਰੱਖਿਆ ਮੁਲਾਜ਼ਮ ਅਤੇ ਕਾਨੂੰਨੀ ਟੀਮ ਵੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਭਿਸ਼ੇਕ ਬੈਨਰਜੀ ਦਾ ਬਿਆਨ ਕਾਲੇ ਧਨ ਨੂੰ ਸਫੈਦ ਕਰਨ ਤੋਂ ਰੋਕਣ ਸਬੰਧੀ ਕਾਨੂੰਨ ਤਹਿਤ ਦਰਜ ਕੀਤਾ ਗਿਆ। ਮਾਮਲੇ ਵਿੱਚ ਜਾਂਚਕਰਤਾਵਾਂ ਵੱਲੋਂ ਇਕੱਤਰ ਕੀਤੇ ਗਏ ਕੁਝ ਸਬੂਤਾਂ ਨੂੰ ਉਨ੍ਹਾਂ ਦੇ ਸਾਹਮਣੇ ਪੇਸ਼ ਕਰ ਕੇ ਵੀ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਵਿੱਚ ਬੈਨਰਜੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਡਾਇਮੰਡ ਹਾਰਬਰ ਦੇ ਸੰਸਦ ਮੈਂਬਰ ਕੋਲੋਂ ਇਕ ਵਾਰ ਪਹਿਲਾਂ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਪੁੱਛਗਿਛ ਕੀਤੀ ਗਈ ਸੀ। -ਪੀਟੀਆਈ