ਨਵੀਂ ਦਿੱਲੀ, 4 ਫਰਵਰੀ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰਦਿਆਂ ਅੱਜ ਕਿਹਾ ਕਿ ਪਾਰਟੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣਾ ਲਗਾਤਾਰ ਜਾਰੀ ਰੱਖੇਗੀ। ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਉਪਰ ਰਾਜ ਸਭਾ ’ਚ ਹੋਈ ਬਹਿਸ ਦੌਰਾਨ ਸੰਜੈ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਅੰਦੋਲਨ ਕਰ ਰਹੇ ਕਿਸਾਨਾਂ ਦੀ ਸਹਾਇਤਾ ਕਰਦੀ ਆ ਰਹੀ ਹੈ ਅਤੇ ਭਵਿੱਖ ’ਚ ਵੀ ਕਿਸਾਨਾਂ ਨੂੰ ਹਮਾਇਤ ਦਿੱਤੀ ਜਾਂਦੀ ਰਹੇਗੀ। ‘ਆਪ’ ਆਗੂ ਨੇ ਕਿਹਾ,‘‘ਮੋਦੀ ਸਰਕਾਰ ਆਪਣੇ ਚਾਰ ਕਾਰਪੋਰੇਟ ਦੋਸਤਾਂ ਦੇ ਫਾਇਦੇ ਲਈ ਕੰਮ ਕਰਦੀ ਹੈ। ਸਰਕਾਰ ਇਨ੍ਹਾਂ ਚਾਰ ਘਰਾਣਿਆਂ ਤੋਂ ਚੋਣਾਂ ਲੜਨ ਲਈ ਸਹਾਇਤਾ ਲੈਂਦੀ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਹਮਾਇਤੀਆਂ ਨੇ ਹੀ 26 ਜਨਵਰੀ ਨੂੰ ਲਾਲ ਕਿਲੇ ’ਤੇ ਹਮਲਾ ਕੀਤਾ ਸੀ। ‘ਹੁਣ ਜਿਹੜੇ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ।’ ਉਨ੍ਹਾਂ ਕਿਹਾ ਕਿ ਕਿਸਾਨ ਜਾਣਦੇ ਹਨ ਕਿ ਤਿੰਨੋਂ ਖੇਤੀ ਕਾਨੂੰਨ ਉਨ੍ਹਾਂ ਦੇ ਪੱਖ ’ਚ ਨਹੀਂ ਹਨ। ‘ਇਸ ਲਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ।’ ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਕਿਸਾਨਾਂ ਦੇ ਪੱਖ ’ਚ ਹੰਗਾਮਾ ਕਰਨ ’ਤੇ ਸੰਜੈ ਸਿੰਘ ਸਮੇਤ ‘ਆਪ’ ਦੇ ਤਿੰਨ ਸੰਸਦ ਮੈਂਬਰਾਂ ਨੂੰ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਮਾਰਸ਼ਲਾਂ ਰਾਹੀਂ ਦਿਨ ਭਰ ਲਈ ਸਦਨ ’ਚੋਂ ਬਾਹਰ ਕੱਢ ਦਿੱਤਾ ਸੀ। -ਪੀਟੀਆਈ