ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਸਤੰਬਰ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਵੱਲੋਂ ਖੁਰਾਕ ਤੇ ਖੇਤੀ ਸੁਧਾਰਾਂ ਬਾਰੇ ਸੰਸਦ ਵਿੱਚ ਪੇਸ਼ ਤਿੰਨਾ ਬਿੱਲਾਂ ਨੂੰ ‘ਕਿਸਾਨ ਵਿਰੋਧੀ’ ਕਰਾਰ ਦਿੰਦੇ ਹੋਏ ਕਿਹਾ ਕਿ ‘ਆਪ’ ਸੰਸਦ ਅੰਦਰ ਇਨ੍ਹਾਂ ਬਿੱਲਾਂ ਖ਼ਿਲਾਫ਼ ਵੋਟ ਪਾਵੇਗੀ।
ਸ੍ਰੀ ਕੇਜਰੀਵਾਲ ਨੇ ਇਨ੍ਹਾਂ ਬਿੱਲਾਂ ਨੂੰ ਵਪਾਸ ਲੈਣ ਲਈ ਕੇਂਦਰ ਸਰਕਾਰ ਨੂੰ ਆਖਿਆ ਤੇ ਨਾਲ ਹੀ ਕਿਹਾ ਕਿ ਇਹ ਕਿਸਾਨ ਵਿਰੋਧੀ ਬਿੱਲ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਨ ਇਸ ਲਈ ਕੇਂਦਰ ਸਰਕਾਰ ਨੂੰ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਆਪ’ ਦੇ ਦਿੱਲੀ ਤੋਂ 3 ਰਾਜ ਸਭਾ ਮੈਂਬਰ ਹਨ, ਜਦੋਂ ਕਿ ਪੰਜਾਬ ਤੋਂ ਜਿੱਤੇ ਇਕ ਮਾਤਰ ਲੋਕ ਸਭਾ ਮੈਂਬਰ ਭਗਵੰਤ ਮਾਨ ਹਨ, ਜੋ ‘ਆਪ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਹੋਣ ਕਰਕੇ ਤਿੱਖਾ ਵਿਰੋਧ ਬਿੱਲਾਂ ਦਾ ਕਰ ਚੁੱਕੇ ਹਨ। ਭਗਵੰਤ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਬਿੱਲਾਂ ਬਾਰੇ ਭੂਮਿਕਾ ਉਪਰ ਵੀ ਸਵਾਲ ਉਠਾਏ ਜਾ ਚੁੱਕੇ ਹਨ ਤੇ ਦਿੱਲੀ ਵਿੱਚੋਂ ਉਹ ਅਕਾਲੀਆਂ ਨੂੰ ਭੰਡ ਵੀ ਚੁੱਕੇ ਹਨ। ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਵੀ ਬਿੱਲਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ।