ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਸਾਥੀ ਮੈਂਬਰਾਂ ਨੇ ਪੰਜਾਬ ਨੂੰ ਐੱਮਐੱਸਪੀ ਬਾਰੇ ਕੇਂਦਰੀ ਕਮੇਟੀ ਵਿੱਚੋਂ ਬਾਹਰ ਰੱਖਣ ਦਾ ਮੁੱਦਾ ਅੱਜ ਮੌਨਸੂਨ ਇਜਲਾਸ ਦੌਰਾਨ ਸੰਸਦ ਵਿੱਚ ਚੁੱਕਿਆ। ‘ਆਪ’ ਸੰਸਦ ਮੈਂਬਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਸਭਾਪਤੀ ਦੇ ਆਸਣ ਕੋਲ ਪ੍ਰਦਰਸ਼ਨ ਕੀਤਾ। ਸ੍ਰੀ ਚੱਢਾ ਨੇ ਮਗਰੋਂ ਕਿਹਾ ਕਿ ਪੰਜਾਬ ਨੂੰ ਐੱਮਐੱਸਪੀ ਕਮੇਟੀ ਵਿੱਚ ਨੁਮਾਇੰਦਗੀ ਨਾ ਦੇਣ ਖਿਲਾਫ਼ ਸੰਸਦ ਦੇ ਅੰਦਰ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀਜਨਕ ਹੈ ਕਿ ਸਿੱਕਮ ਵਰਗੇ ਰਾਜ ਨੂੰ ਐੱਮਐੱਸਪੀ ਦੀ ਕਮੇਟੀ ਵਿੱਚ ਸ਼ਾਮਲ ਕੀਤਾ ਜਦੋਂ ਕਿ ਪੰਜਾਬ ਨੂੰ ਇਸ ਵਿਚੋਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੰਜਾਬ ਪ੍ਰਤੀ ਗੁੱਸਾ ਹੈ ਕਿਉਂਕਿ ਇਸ ਨੇ ਖੇਤੀ ਬਿੱਲਾਂ ਨੂੰ ਵਾਪਸ ਕਰਨ ਲਈ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਸੀ।