ਨਵੀਂ ਦਿੱਲੀ, 19 ਸਤੰਬਰ
ਦਿੱਲੀ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਤੇ ਰਾਜਿੰਦਰ ਨਗਰ ਹਲਕੇ ਤੋਂ ਵਿਧਾਇਕ ਦੁਰਗੇਸ਼ ਪਾਠਕ (34) ਸ਼ਰਾਬ ਆਬਕਾਰੀ ਨੀਤੀ ਦੀ ਜਾਂਚ ਨਾਲ ਜੁੜੇ ਕੇਸ ਵਿੱਚ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਏ। ਪੁੁੱੱਛ-ਪੜਤਾਲ ਦੌਰਾਨ ਪਾਠਕ ਦੇ ਬਿਆਨ ਭ੍ਰਿਸ਼ਟਾਚਾਰ ਰੋਕੂ ਐਕਟ (ਪੀਐੱਮਐੱਲਏ) ਦੀਆਂ ਫੌਜਦਾਰੀ ਧਾਰਾਵਾਂ ਤਹਿਤ ਦਰਜ ਕੀਤੇ ਗਏ ਹਨ। ਉਧਰ ਆਪ ਨੇ ਕਿਹਾ ਕਿ ਈਡੀ ਦੀ ਜਾਂਚ ਦਾ ‘ਅਸਲ ਨਿਸ਼ਾਨਾ’ ਦਿੱਲੀ ਦੀ ਆਬਕਾਰੀ ਨੀਤੀ ਨਹੀਂ ਬਲਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ‘ਤੇਜ਼ੀ ਨਾਲ ਵਧਦਾ ਸਿਆਸੀ ਗ੍ਰਾਫ਼’ ਹੈ। ਇਸ ਦੌਰਾਨ ਉਧਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਈਡੀ ਦੇ ਸੰਮਨਾਂ ’ਤੇ ਉਜਰ ਜਤਾਉਂਦਿਆਂ ਹੈਰਾਨਗੀ ਜਤਾਈ ਕਿ ਸੰਘੀ ਜਾਂਚ ਏਜੰਸੀ ਦਾ ਨਿਸ਼ਾਨਾ ਸ਼ਰਾਬ ਨੀਤੀ ਹੈ ਜਾਂ ਫਿਰ ਐੱਮਸੀਡੀ ਚੋਣਾਂ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਪਾਠਕ ਦਿੱਲੀ ਐਕਸਾਈਜ਼ ਪਾਲਿਸੀ ਕੇਸ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਅੱਜ ਈਡੀ ਅੱਗੇ ਪੇਸ਼ ਹੋਏ ਹਨ। ਉਨ੍ਹਾਂ ਕਿਹਾ, ‘‘ਇਹ ਗੱਲ ਸਪਸ਼ਟ ਹੈ ਕਿ ਪਾਠਕ ਕੋਲੋਂ ਇਸ ਕੇਸ ’ਚ ਉਨ੍ਹਾਂ ਦੀ ਭੂਮਿਕਾ ਅਤੇ ਐਂਟਰਟੇਨਮੈਂਟ ਤੇ ਈਵੈਂਟ ਮੈਨੇਜਮੈਂਟ ਕੰਪਨੀ ਦੇ ਸਾਬਕਾ ਸੀਈਓ ਵਿਜੈ ਨਾਇਰ ਤੇ ਇਸ ਕੇਸ ਵਿੱਚ ਮੁਲਜ਼ਮ, ਨਾਲ ਕਥਿਤ ਸਬੰਧਾਂ ਬਾਰੇ ਸਵਾਲ ਕੀਤੇ ਜਾਣਗੇ।’’ ਦਿੱਲੀ ਨਗਰ ਨਿਗਮ ਦੀਆਂ ਚੋਣਾਂ 270 ਵਾਰਡਾਂ ਦੀ ਹੱਦਬੰਦੀ ਦਾ ਅਮਲ ਮੁਕੰਮਲ ਹੋਣ ਮਗਰੋਂ ਸਾਲ ਦੇ ਅਖੀਰ ਵਿੱਚ ਹੋਣੀਆਂ ਹਨ। ਇਸ ਤੋਂ ਪਹਿਲਾਂ ਈਡੀ ਨੇ ਕੇਜਰੀਵਾਲ ਸਰਕਾਰ ਦੀ ਆਬਕਾਰੀ ਨੀਤੀ 2021-22 ਨੂੰ ਲੈ ਕੇ ਪਿਛਲੇ ਹਫ਼ਤੇ ਦੇਸ਼ ਭਰ ਵਿੱਚ 40 ਟਿਕਾਣਿਆਂ ’ਤੇ ਛਾਪੇ ਮਾਰੇ ਸਨ। -ਪੀਟੀਆਈ
ਆਮਦਨ ਤੋਂ ਵੱਧ ਅਸਾਸਿਆਂ ਕੇਸ ’ਚ ਸ਼ਿਵਕੁਮਾਰ ਕੋਲੋਂ ਪੁੱਛ-ਪੜਤਾਲ
ਨਵੀਂ ਦਿੱਲੀ: ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ.ਕੇ.ਸ਼ਿਵਕੁਮਾਰ ਕਥਿਤ ਆਮਦਨ ਤੋਂ ਵੱਧ ਅਸਾਸਿਆਂ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਪੁੱਛ-ਪੜਤਾਲ ਲਈ ਈਡੀ ਅੱਗੇ ਪੇਸ਼ ਹੋਏ। ਕਾਂਗਰਸੀ ਆਗੂ ਅੱਜ ਦੁਪਹਿਰੇ 12 ਵਜੇ ਦੇ ਕਰੀਬ ਇਥੇ ਏ.ਪੀ.ਜੇ ਅਬਦੁਲ ਕਲਾਮ ਰੋਡ ਸਥਿਤ ਸੰਘੀ ਜਾਂਚ ਏਜੰਸੀ ਦੇ ਦਫ਼ਤਰ ਪੁੱਜਾ। ਈਡੀ ਨੇ ਸ਼ਿਵਕੁਮਾਰ ਨੂੰ ਪਿਛਲੇ ਹਫ਼ਤੇ ਸੰਮਨ ਕੀਤਾ ਸੀ। ਕਾਂਗਰਸੀ ਆਗੂ ਨੇ ਉਦੋਂ ਦਾਅਵਾ ਕੀਤਾ ਸੀ ਕਿ ਉਸ ਨੂੰ ਨਹੀਂ ਪਤਾ ਕਿ ਈਡੀ ਨੇ ਕਿਸ ਕੇਸ ਵਿੱਚ ਸੱਦਿਆ ਹੈ।