ਮੁੰਬਈ: ਸੁਪਰਸਟਾਰ ਆਮਿਰ ਖ਼ਾਨ (56) ਅਤੇ ਨਿਰਮਾਤਾ-ਨਿਰਦੇਸ਼ਕ ਕਿਰਨ ਰਾਓ (47) ਨੇ ਵਿਆਹ ਦੇ 15 ਸਾਲਾਂ ਮਗਰੋਂ ਸ਼ਨਿਚਰਵਾਰ ਨੂੰ ਤਲਾਕ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਉਹ ਨਵਾਂ ਸਫ਼ਰ ਸ਼ੁਰੂ ਕਰਨ ਲਈ ਤਿਆਰ ਹਨ। ਦੋਹਾਂ ਨੇ ਕਿਹਾ ਕਿ ਉਹ ਬਤੌਰ ਮਾਪੇ ਬੱਚਿਆਂ ਦੀ ਪਰਵਰਿਸ਼ ਮਿਲ ਕੇ ਕਰਨਗੇ। ਦੋਹਾਂ ਨੇ ਸਾਂਝੇ ਬਿਆਨ ’ਚ ਕਿਹਾ ਕਿ ਉਹ ਫਿਲਮਾਂ, ਆਪਣੇ ਗ਼ੈਰ ਸਰਕਾਰੀ ਸੰਗਠਨ (ਐੱਨਜੀਓ) ਪਾਨੀ ਫਾਊਂਡੇਸ਼ਨ ਅਤੇ ਹੋਰ ਪ੍ਰਾਜੈਕਟਾਂ ਲਈ ਮਿਲ ਕੇ ਕੰਮ ਕਰਦੇ ਰਹਿਣਗੇ। ਆਮਿਰ ਅਤੇ ਕਿਰਨ ਦੀ ਪਹਿਲੀ ਮੁਲਾਕਾਤ ਫਿਲਮ ‘ਲਗਾਨ’ ਦੇ ਸੈੱਟ ’ਤੇ ਹੋਈ ਸੀ ਅਤੇ ਉਨ੍ਹਾਂ ਦਸੰਬਰ 2005 ’ਚ ਵਿਆਹ ਕਰ ਲਿਆ ਸੀ। ਦਸੰਬਰ 2011 ’ਚ ਉਨ੍ਹਾਂ ਦੇ ਬੇਟੇ ਆਜ਼ਾਦ ਰਾਓ ਖ਼ਾਨ ਦਾ ਜਨਮ ਹੋਇਆ ਸੀ। ਬਿਆਨ ’ਚ ਕਿਹਾ ਗਿਆ ਹੈ,‘‘ਇਨ੍ਹਾਂ 15 ਖ਼ੂਬਸੂਰਤ ਵਰ੍ਹਿਆਂ ’ਚ ਅਸੀਂ ਰਲ ਕੇ ਜ਼ਿੰਦਗੀ ਭਰ ਦੇ ਤਜਰਬੇ, ਆਨੰਦ ਤੇ ਖੁਸ਼ੀ ਨੂੰ ਸਾਂਝਾ ਕੀਤਾ ਹੈ ਅਤੇ ਸਾਡਾ ਰਿਸ਼ਤਾ ਸਿਰਫ਼ ਵਿਸ਼ਵਾਸ, ਸਨਮਾਨ ਅਤੇ ਪਿਆਰ ਨਾਲ ਵਧਿਆ ਹੈ। ਅਸੀਂ ਆਪਣੇ ਜੀਵਨ ’ਚ ਹੁਣ ਪਤੀ-ਪਤਨੀ ਵਜੋਂ ਨਹੀਂ ਸਗੋਂ ਇਕ-ਦੂਜੇ ਲਈ ਸਹਿ ਮਾਪੇ ਅਤੇ ਪਰਿਵਾਰ ਵਜੋਂ ਨਵਾਂ ਸਫ਼ਰ ਸ਼ੁਰੂ ਕਰਨਾ ਚਾਹਾਂਗੇ।’’ ਬਿਆਨ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਕੁਝ ਸਮਾਂ ਪਹਿਲਾਂ ਵਖਰੇਵੇਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ ਹੁਣ ਰਸਮੀ ਤੌਰ ’ਤੇ ਉਹ ਆਪਣੇ ਆਪ ਨੂੰ ਸਹਿਜ ਮਹਿਸੂਸ ਕਰ ਰਹੇ ਹਨ। ਆਮਿਰ ਅਤੇ ਕਿਰਨ ਨੇ ਕਿਹਾ ਕਿ ਉਹ ਆਪਣੇ ਬੇਟੇ ਆਜ਼ਾਦ ਪ੍ਰਤੀ ਸਮਰਪਿਤ ਮਾਪੇ ਬਣੇ ਰਹਿਣਗੇ। ਉਨ੍ਹਾਂ ਆਪਣੇ ਸ਼ੁਭਚਿੰਤਕਾਂ ਤੋਂ ਆਸ਼ੀਰਵਾਦ ਮੰਗਦਿਆਂ ਆਸ ਪ੍ਰਗਟਾਈ ਹੈ ਕਿ ਉਹ ਵੀ ਤਲਾਕ ਨੂੰ ਅੰਤ ਵਜੋਂ ਨਹੀਂ ਸਗੋਂ ਇਕ ਨਵੇਂ ਸਫ਼ਰ ਦੀ ਸ਼ੁਰੂਆਤ ਵਜੋਂ ਦੇਖਣਗੇ। ‘ਕਿਆਮਤ ਸੇ ਕਿਆਮਤ ਤੱਕ’, ‘ਸਰਫਰੋਸ਼’, ‘3 ਇਡੀਅਟਸ’, ‘ਤਲਾਸ਼’ ਅਤੇ ‘ਦੰਗਲ’ ਜਿਹੀਆਂ ਚਰਚਿਤ ਫਿਲਮਾਂ ਦੇ ਸਟਾਰ ਆਮਿਰ ਖ਼ਾਨ ਨੇ ਪਹਿਲਾਂ ਰੀਨਾ ਦੱਤ ਨਾਲ ਵਿਆਹ ਕੀਤਾ ਸੀ। ਉਸ ਵਿਆਹ ਤੋਂ ਦੋ ਬੱਚੇ ਜੁਨੈਦ ਖ਼ਾਨ ਅਤੇ ਇਰਾ ਖ਼ਾਨ ਹਨ। ਆਮਿਰ ਖ਼ਾਨ ‘ਲਾਲ ਸਿੰਘ ਚੱਢਾ’ ’ਚ ਨਜ਼ਰ ਆਉਣਗੇ ਜਿਸ ਦਾ ਨਿਰਮਾਣ ਕਿਰਨ ਰਾਓ ਕਰ ਰਹੀ ਹੈ। -ਪੀਟੀਆਈ