ਮੁੰਬਈ, 1 ਜੁਲਾਈ
ਮਹਾਰਾਸ਼ਟਰ ਅਸੈਂਬਲੀ ਦਾ ਦੋ ਰੋਜ਼ਾ ਵਿਸ਼ੇਸ਼ ਇਜਲਾਸ 3 ਜੁਲਾਈ ਤੋਂ ਸ਼ੁਰੂ ਹੋਵੇਗਾ। ਵਿਧਾਨ ਸਭਾ ਸਕੱਤਰੇਤ ਵੱਲੋਂ ਮੈਂਬਰਾਂ ਨੂੰ ਜਾਰੀ ਚਿੱਠੀ-ਪੱਤਰ ਮੁਤਾਬਕ ਸਦਨ ਦੇ ਸਪੀਕਰ ਦੀ ਚੋਣ 3 ਜੁਲਾਈ ਨੂੰ ਹੋਵੇਗੀ ਜਦੋਂਕਿ ਅਹੁਦੇ ਲਈ ਨਾਮਜ਼ਦਗੀਆਂ 2 ਜੁਲਾਈ ਨੂੰ ਬਾਅਦ ਦੁਪਹਿਰ 12 ਵਜੇ ਤੱਕ ਸਵੀਕਾਰ ਕੀਤੀਆਂ ਜਾਣਗੀਆਂ। ਹਲਫ਼ਦਾਰੀ ਸਮਾਗਮ ਤੋਂ ਫੌਰੀ ਮਗਰੋਂ ਮੁੱਖ ਮੰਤਰੀ ਏਕਨਾਕ ਸ਼ਿੰਦੇ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ 2 ਤੇ 3 ਜੁਲਾਈ ਨੂੰ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਫੈਸਲਾ ਕੀਤਾ ਗਿਆ ਸੀ। ਹਾਲਾਂਕਿ ਮਗਰੋਂ ਤਰੀਕ ਨੂੰ ਇਕ ਦਿਨ ਅੱਗੇ ਪਾ ਦਿੱਤਾ ਗਿਆ। ਵਿਸ਼ੇਸ਼ ਇਜਲਾਸ ਦੌਰਾਨ ਏਕਨਾਥ ਸ਼ਿੰਦੇ ਦੀ ਸਰਕਾਰ ਬਹੁਮੱਤ ਸਾਬਤ ਕਰ ਸਕਦੀ ਹੈ। ਸ਼ਿੰਦੇ, ਜਿਨ੍ਹਾਂ ਕੋਲ ਸ਼ਿਵ ਸੈਨਾ ਤੋਂ ਬਾਗ਼ੀ ਹੋਏ 39 ਵਿਧਾਇਕਾਂ, ਆਜ਼ਾਦ ਅਤੇ ਛੋਟੀਆਂ ਪਾਰਟੀਆਂ ਦੇ 10 ਵਿਧਾਇਕਾਂ ਤੇ ਭਾਜਪਾ ਦੇ 106 ਵਿਧਾਇਕਾਂ ਦੀ ਹਮਾਇਤ ਹੈ, ਦੋ ਰੋਜ਼ਾ ਇਜਲਾਸ ਦੌਰਾਨ ਸਦਨ ਵਿੱਚ ਬਹੁਮਤ ਸਾਬਤ ਕਰਨ ਲਈ ਮਤਾ ਰੱਖ ਸਕਦੇ ਹਨ। ਭਾਜਪਾ ਵਿਧਾਇਕ ਰਾਹੁਲ ਨਾਰਵੇਕਰ ਨੇ ਅਸੈਂਬਲੀ ਸਪੀਕਰ ਦੇ ਅਹੁਦੇ ਲਈ ਪਾਰਟੀ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ਹੈ। ਨਾਰਵੇਕਰ ਕੋਲਾਬਾ ਅਸੈਂਬਲੀ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ। ਉਧਰ ਐੱਮਵੀਏ ਗੱਠਜੋੜ ਨੇ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।
ਇਸ ਦੌਰਾਨ ਏਕਨਾਥ ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣਾ ਦੇਵੇਂਦਰ ਫੜਨਵੀਸ ਦਾ ਮਾਸਟਰਸਟਰੋਕ ਹੈ। ਸ਼ਿੰਦੇ ਨੇ ਵੀਰਵਾਰ ਨੂੰ ਰਾਜ ਭਵਨ ਵਿੱਚ ਹਲਫ਼ਦਾਰੀ ਸਮਾਗਮ ਮਗਰੋਂ ਕਿਹਾ, ‘‘ਲੋਕਾਂ ਨੂੰ ਲੱਗਦਾ ਸੀ ਕਿ ਭਾਜਪਾ ਸੱਤਾ ਵਿੱਚ ਆਉਣ ਲਈ ਤਰਲੋਮੱਛੀ ਹੈ, ਪਰ ਸੱਚ ਪੁੱਛੋ ਤਾਂ ਇਹ ਦੇਵੇਂਦਰ ਜੀ ਦਾ ਮਾਸਟਰਸਟਰੋਕ ਹੈ। ਵੱਡੀ ਗਿਣਤੀ ਵਿਧਾਇਕ ਤੁਹਾਡੇ ਨਾਲ ਹੋਣ ਦੇ ਬਾਵਜੂਦ ਸੱਤਾ ਕਿਸੇ ਹੋਰ ਦੇ ਹੱਥਾਂ ਵਿੱਚ ਦੇਣ ਲਈ ਵੱਡਾ ਦਿਲ ਚਾਹੀਦਾ ਹੈ। ਉਨ੍ਹਾਂ (ਫੜਨਵੀਸ) ਦੇ ਇਸ ਫ਼ੈਸਲੇ ਨਾਲ ਸੂਬੇ ਦੇ ਲੋਕਾਂ ਤੇ ਦੇਸ਼ ਨੂੰ ਵੱਡਾ ਦਿਲ ਰੱਖਣ ਦੀ ਨਵੀਂ ਮਿਸਾਲ ਵੇਖਣ ਨੂੰ ਮਿਲੀ ਹੈ।’’ ਸ਼ਿੰਦੇ ਨੇ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੇ.ਪੀ.ਨੱਢਾ ਤੇ ਖਾਸ ਕਰਕੇ ਦੇਵੇਂਦਰ ਫੜਨਵੀਸ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਇੰਨਾ ਵੱਡਾ ਦਿਲ ਵਿਖਾਇਆ ਤੇ ਸ਼ਿਵ ਸੈਨਿਕ ਨੂੰ ਇਹ ਮੌਕਾ ਦਿੱਤਾ। ਸ਼ਿੰਦੇ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਫੜਨਵੀਸ ਦਾ ਪਿਛਲੇ ਕਾਰਜਕਾਲ ਕੰਮ ਆਏਗਾ। ਮੁੱਖ ਮੰਤਰੀ ਨੇ ਕਿਹਾ, ‘‘ਫੜਨਵੀਸ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਦੀਆਂ ਹਦਾਇਤਾਂ ’ਤੇ ਇਸ ਸਰਕਾਰ ਵਿੱਚ ਸ਼ਾਮਲ ਹੋਏ ਹਨ। ਮੈਂ ਖੁਸ਼ ਹਾਂ ਕਿਉਂਕਿ ਉਨ੍ਹਾਂ ਦਾ ਤਜਰਬਾ ਸੂਬੇ ਵਿੱਚ ਵਿਕਾਸ ਕਾਰਜਾਂ ਨੂੰ ਰਫ਼ਤਾਰ ਦੇਣ ਵਿੱਚ ਕੰਮ ਆਏਗਾ।’’ -ਪੀਟੀਆਈ
ਭਾਜਪਾ ਦੇ ਜਸ਼ਨਾਂ ’ਚੋਂ ਗੈਰਹਾਜ਼ਰ ਰਹੇ ਫੜਨਵੀਸ
ਮੁੰਬਈ: ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਮਹਾਰਾਸ਼ਟਰ ਦੀ ਸੱਤਾ ਵਿੱਚ ਵਾਪਸੀ ਲਈ ਇਥੇ ਭਾਜਪਾ ਹੈੱਡਕੁਆਰਟਰ ਵਿੱਚ ਮਨਾਏ ਜਸ਼ਨਾਂ ’ਚੋਂ ਗੈਰਹਾਜ਼ਰ ਰਹੇ। ਭਾਜਪਾ ਨੇ ਢਾਈ ਸਾਲਾਂ ਮਗਰੋਂ ਸੱਤਾ ਵਿੱਚ ਵਾਪਸੀ ਕੀਤੀ ਹੈ ਤੇ ਦੱਖਣੀ ਮੁੰਬਈ ਸਥਿਤ ਪਾਰਟੀ ਦਫ਼ਤਰ ਵਿੱਚ ਸਮਾਗਮ ਰੱਖਿਆ ਸੀ। ਸਾਬਕਾ ਮੁੱਖ ਮੰਤਰੀ ਦੇ ਨੇੜਲੇ ਸਾਥੀ ਨੇ ਦੱਸਿਆ ਕਿ ਫੜਨਵੀਸ 3 ਜੁਲਾਈ ਨੂੰ ਸੱਦੇ ਦੋ ਰੋਜ਼ਾ ਵਿਸ਼ੇਸ਼ ਇਜਲਾਸ ਦੀਆਂ ਤਿਆਰੀਆਂ ਨੂੰ ਲੈ ਕੇ ਆਪਣੀ ਰਿਹਾਇਸ਼ ’ਤੇ ਮੀਟਿੰਗਾਂ ’ਚ ਰੁੱਝੇ ਹਨ। ਇਸ ਦੌਰਾਨ ਇਕ ਭਾਜਪਾ ਕਾਰਕੁਨ ਨੇ ਕਿਹਾ ਕਿ ਫੜਨਵੀਸ ਹੈਦਰਾਬਾਦ ਵਿੱਚ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਵੀ ਸ਼ਾਮਲ ਨਹੀਂ ਹੋਣਗੇ। ਇਸ ਦੌਰਾਨ ਐੱਨਸੀਪੀ ਆਗੂ ਧਨੰਜੈ ਮੁੰਡੇ ਹਲਫ਼ਦਾਰੀ ਸਮਾਗਮ ਦੇ ਕੁਝ ਘੰਟਿਆਂ ਮਗਰੋਂ ਨਵੇਂ ਬਣੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ। ਮੁੰਡੇ ਪਿਛਲੀ ਗੱਠਜੋੜ ਸਰਕਾਰ ਵਿੱਚ ਸਮਾਜਿਕ ਨਿਆਂ ਮੰਤਰੀ ਸਨ।