ਤਾਪੀ (ਗੁਜਰਾਤ): ਜਨਜਾਤੀ ਸੁਰਕਸ਼ਾ ਗੁਜਰਾਤ, ਜੋ ਕਿਸੇ ਹਿੰਦੂ ਮੋਰਚੇ ਦੀ ਹੀ ਇਕਾਈ ਹੈ, ਨੇ ਗਿਧਮਾੜੀ ਅਯਾ ਮੰਦਰ ਦਾ ਕਬਜ਼ਾ ਵਾਪਸ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਦਖ਼ਲ ਮੰਗਿਆ ਹੈ। ਇਹ ਮੰਦਿਰ ਜ਼ਿਲ੍ਹੇ ਦੀ ਅੰਬਾ ਸਮੂਹ ਪਿੰਡ ਪੰਚਾਇਤ ਦੀ ਨਾਨਾ ਬੰਧਾਰਾਪਾੜਾ ਪਹਾੜੀਆਂ ’ਤੇ ਸਥਿਤ ਹੈ। ਕਬਾਇਲੀ ਸਮੂਹ ਨੇ ਦਾਅਵਾ ਕੀਤਾ ਕਿ ਈਸਾਈਆਂ ਨੇ ਧੱਕੇ ਨਾਲ ਮੰਦਿਰ ’ਤੇ ਕਬਜ਼ਾ ਕੀਤਾ ਹੋਇਆ ਹੈ ਤੇ ਉਨ੍ਹਾਂ ਨੂੰ ਉਥੇ ਪੂਜਾ ਅਰਚਨਾ ਕਰਨ ਤੋਂ ਰੋਕਿਆ ਜਾਂਦਾ ਹੈ। ਸਮੂਹ ਨੇ ਕਿਹਾ ਕਿ ਮੰਦਿਰ ਦਾ ਨਾਂ ਬਦਲ ਕੇ ਹੁਣ ਇਸ ਨੂੰ ‘ਮਰੀਅਮ ਟੈਂਪਲ’ ਸੱਦਿਆ ਜਾਂਦਾ ਹੈ ਤੇ ਮੰਦਿਰ ਵਿੱਚ ਈਸਾਈ ਕਰਾਸ ਵੀ ਰੱਖਿਆ ਹੈ। ਜਨਜਾਤੀ ਸੁਰਕਸ਼ਾ ਗੁਜਰਾਤ ਪ੍ਰਾਂਤ ਦੇ ਪ੍ਰਧਾਨ ਦਿਨੇਸ਼ ਗਾਮਿਤ ਨੇ ਕਬਾਇਲੀ ਆਗੂਆਂ ਤੇ ਮੰਦਿਰ ਦੇ ਪੁਰੋਹਿਤਾਂ ਨੂੰ ਨਾਲ ਲੈ ਕੇ ਲੰਘੇ ਦਿਨ ਜ਼ਿਲ੍ਹਾ ਕੁਲੈਕਟਰ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਅਧਿਕਾਰੀ ਨੂੰ ਯਾਦ ਪੱਤਰ ਸੌਂਪਦਿਆਂ ਮੰਦਿਰ ਦਾ ਕਬਜ਼ਾ ਵਾਪਸ ਦਿਵਾਉਣ ਦੀ ਮੰਗ ਕੀਤੀ। ਗਾਮਿਤ ਨੇ ਚੇਤਾਵਨੀ ਦਿੱਤੀ ਕਿ ਕਬਾਇਲੀ ਭਾਈਚਾਰਾ ਐਤਵਾਰ ਨੂੰ ਮੰਦਿਰ ਵਿੱਚ ਪ੍ਰਾਰਥਨਾ ਕਰਨ ਦੀ ਇਕ ਹੋਰ ਕੋਸ਼ਿਸ਼ ਕਰੇਗਾ ਤੇ ਇਸ ਦੌਰਾਨ ਕਾਨੂੰਨ ਤੇ ਵਿਵਸਥਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਪੁਲੀਸ ਤੇ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ। -ਆਈਏਐੱਨਐੱਸ