ਨਵੀਂ ਦਿੱਲੀ, 19 ਅਗਸਤ
ਭਾਰਤੀ ਜਲ ਸੈਨਾ ਦਾ ਤਿੰਨ ਦਿਨਾ ਸੰਮੇਲਨ ਅੱਜ ਇੱਥੇ ਸ਼ੁਰੂ ਹੋ ਗਿਆ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਲ ਸੈਨਾ ਨੇ ਮਿਸ਼ਨ ਅਧਾਰਿਤ ਤਾਇਨਾਤੀ ਨੂੰ ਸਫ਼ਲਤਾ ਨਾਲ ਸਿਰੇ ਚਾੜ੍ਹਿਆ ਹੈ। ਸੰਵੇਦਨਸ਼ੀਲ ਅਤੇ ਅਹਿਮ ਟਿਕਾਣਿਆਂ ਉਤੇ ਬੇੜੇ ਅਤੇ ਹਵਾਈ ਜਹਾਜ਼ ਤਾਇਨਾਤ ਕਰ ਕੇ ਮੁਲਕ ਦੇ ਸਮੁੰਦਰੀ ਹਿੱਤਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ। ਰਾਜਨਾਥ ਨੇ ਭਰੋਸਾ ਜਤਾਇਆ ਕਿ ਜਲ ਸੈਨਾ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਅਤੇ ‘ਤੁਰੰਤ ਸਰਗਰਮੀ ਨਾਲ ਜਵਾਬ’ ਦੇਣ ਦੇ ਸਮਰੱਥ ਹੈ। ਜਲ ਸੈਨਾ ਨੇ ਮਿਸ਼ਨ ਅਧਾਰਿਤ ਯੋਜਨਾਬੰਦੀ ਜੂਨ 2017 ਵਿਚ ਆਰੰਭੀ ਸੀ। ਰਾਜਨਾਥ ਨੇ ਕਿਹਾ ਕਿ ਜਲ ਸੈਨਾ ਨੇ ਕੋਵਿਡ ਦੀ ਚੁਣੌਤੀ ਦੇ ਬਾਵਜੂਦ ਪ੍ਰਸ਼ਾਸਕੀ ਅਤੇ ਨਵੀਨੀਕਰਨ ਪੱਖ ਤੋਂ ਤਰੱਕੀ ਕੀਤੀ ਹੈ। ਇਸ ਦੌਰਾਨ ਜਲ ਸੈਨਾ ਦੇ ਚੋਟੀ ਦੇ ਕਮਾਂਡਰਾਂ ਨੇ ਸਮੁੰਦਰੀ ਸੁਰੱਖਿਆ ਨਾਲ ਜੁੜੀਆਂ ਸਾਹਮਣੇ ਆ ਰਹੀਆਂ ਨਵੀਆਂ ਚੁਣੌਤੀਆਂ ਅਤੇ ਲੱਦਾਖ ਵਿਚ ਚੀਨ ਨਾਲ ਹੋਏ ਟਕਰਾਅ ਬਾਰੇ ਡੂੰਘੀ ਚਰਚਾ ਕੀਤੀ। ਇਸ ਸੰਮੇਲਨ ਦਾ ਮੰਤਵ ਭਾਰਤੀ ਜਲ ਸੈਨਾ ਦੀਆਂ ਜੰਗੀ ਤਿਆਰੀਆਂ ਦਾ ਜਾਇਜ਼ਾ ਲੈਣਾ, ਭਾਰਤੀ-ਪ੍ਰਸ਼ਾਂਤ ਖਿੱਤੇ ਵਿਚ ਮੁਲਕ ਦੇ ਰੱਖਿਆ ਹਿੱਤਾਂ ਉਤੇ ਚਰਚਾ ਹੈ। ਇਸ ਖਿੱਤੇ ਵਿਚ ਚੀਨ ਆਪਣੀ ਫ਼ੌਜੀ ਸਮਰੱਥਾ ਵਿਚ ਲਗਾਤਾਰ ਵਾਧਾ ਕਰ ਰਿਹਾ ਹੈ। ਚੀਨ ਦੀ ਮੌਜੂਦਗੀ ਹਿੰਦ ਮਹਾਸਾਗਰ ਖੇਤਰ ਵਿਚ ਹੈ। ਇਸ ਬਾਰੇ ਵੀ ਕਮਾਂਡਰ ਵਿਚਾਰ-ਚਰਚਾ ਕਰਨਗੇ। ਭਾਰਤੀ ਸੈਨਾ ਨੇ ਵੀ ਆਪਣੇ ਜੰਗੀ ਬੇੜੇ ਅਤੇ ਪਣਡੁੱਬੀਆਂ ਇਨ੍ਹਾਂ ਖੇਤਰਾਂ ਵਿਚ ਤਾਇਨਾਤ ਕੀਤੀਆਂ ਹਨ। ਭਾਰਤੀ ਜਲ ਸੈਨਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਉੱਤਰੀ ਸਰਹੱਦਾਂ ਉਤੇ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਤੇ ਕੋਵਿਡ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਮੱਦੇਨਜ਼ਰ ਇਸ ਕਾਨਫ਼ਰੰਸ ਦੀ ਕਾਫ਼ੀ ਮਹੱਤਤਾ ਹੈ। ਕਮਾਂਡਰ ਤਿੰਨਾਂ ਸੈਨਾਵਾਂ ਵਿਚਾਲੇ ਤਾਲਮੇਲ ਅਤੇ ਜਲ ਸੈਨਾ ਦੀ ਸਮਰੱਥਾ ਵਧਾਉਣ ਲਈ ਪੁਨਰਗਠਨ ਉਤੇ ਵੀ ਚਰਚਾ ਕਰਨਗੇ। -ਪੀਟੀਆਈ