ਮਥੁਰਾ, 20 ਅਗਸਤ
ਮੁੱਖ ਅੰਸ਼
- ‘ਮੰਗਲਾ ਆਰਤੀ’ ਸਮੇਂ ਵਾਪਰਿਆ ਹਾਦਸਾ; ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੁੱਖ ਪ੍ਰਗਟਾਇਆ
ਇੱਥੋਂ ਦੇ ਮਸ਼ਹੂਰ ਬਾਂਕੇ ਬਿਹਾਰੀ ਮੰਦਰ ਵਿੱਚ ਅੱਜ ਤੜਕੇ ਜਨਮਅਸ਼ਟਮੀ ਸਮਾਗਮ ਦੌਰਾਨ ਭਗਦੜ ਮਚਣ ਕਾਰਨ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਜ਼ਿਲ੍ਹਾ ਮੈਜਿਸਟਰੇਟ ਨਵਨੀਤ ਸਿੰਘ ਚਹਿਲ ਨੇ ਦੱਸਿਆ ਕਿ ਪਹਿਲੀ ਨਜ਼ਰੇ ਲੱਗਦਾ ਹੈ ਕਿ ‘ਮੰਗਲਾ ਆਰਤੀ’ ਦੌਰਾਨ ਭਾਰੀ ਭੀੜ ਕਰਕੇ ਦਮ ਘੁਟਣ ਕਾਰਨ ਇਹ ਮੌਤਾਂ ਹੋਈਆਂ ਹਨ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ’ਚੋਂ ਇੱਕ 55 ਸਾਲਾ ਔਰਤ ਨੋਇਡਾ ਅਤੇ ਇੱਕ 65 ਸਾਲਾ ਸ਼ਰਧਾਲੂ ਜਬਲਪੁਰ ਦਾ ਰਹਿਣ ਵਾਲਾ ਸੀ। ਮੰਦਰ ਦੇ ਪੁਜਾਰੀ ਸ਼ਸ਼ਾਂਕ ਗੋਸਵਾਮੀ ਨੇ ਦੱਸਿਆ ਕਿ ਇਹ ਘਟਨਾ ‘ਮੰਗਲਾ ਆਰਤੀ’ ਦੇ ਸਮੇਂ ਸਵੇਰੇ 1.45 ਵਜੇ ਦੇ ਕਰੀਬ ਵਾਪਰੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। -ਪੀਟੀਆਈ
ਦਹੀਂ ਹਾਂਡੀ ਸਮਾਗਮਾਂ ਦੌਰਾਨ 286 ਵਿਅਕਤੀ ਜ਼ਖ਼ਮੀ
ਮੁੰਬਈ: ਮੁੰਬਈ ਵਿੱਚ ਬੀਤੇ ਦਿਨ ਕ੍ਰਿਸ਼ਨ ਜਨਮਅਸ਼ਟਮੀ ਮੌਕੇ ਦਹੀਂ ਹਾਂਡੀ ਤੋੜਨ ਲਈ ਹੋਏ ਸਮਾਗਮ ਦੌਰਾਨ 222 ‘ਗੋਵਿੰਦਾ’ ਜ਼ਖਮੀ ਹੋ ਗਏ। ਇਸੇ ਤਰ੍ਹਾਂ ਠਾਣੇ ਸ਼ਹਿਰ ’ਚ 64 ਵਿਅਕਤੀ ਜ਼ਖਮੀ ਹੋਏ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ’ਚ 197 ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹਸਪਤਾਲ ਦਾਖਲ ਬਾਕੀ 23 ਜ਼ਖ਼ਮੀਆਂ ਦੀ ਹਾਲਤ ਵੀ ਸਥਿਰ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਠਾਣੇ ਸ਼ਹਿਰ ਵਿੱਚ 12 ਜ਼ਖ਼ਮੀਆਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਪਰ ਸਾਰੇ ਖ਼ਤਰੇ ਤੋਂ ਬਾਹਰ ਹਨ। -ਪੀਟੀਆਈ
ਭੀੜ ਸੰਭਾਲਣ ਲਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਗਏ: ਅਖਿਲੇਸ਼
ਲਖਨਊ: ‘ਸਪਾ’ ਆਗੂ ਅਖਿਲੇਸ਼ ਯਾਦਵ ਨੇ ਮਥੁਰਾ ਦੇ ਮੰਦਰ ’ਚ ਭਗਦੜ ਵਰਗੀ ਸਥਿਤੀ ਕਾਰਨ ਹੋਈਆਂ ਮੌਤਾਂ ’ਤੇ ਯੋਗੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਸ਼ਾਸਨ ਦੀ ਨਾਕਾਮੀ ਹੈ ਜਦਕਿ ਰਾਜ ਸਰਕਾਰ ਨੇ ਸੁੰਦਰੀਕਰਨ ਦੇ ਨਾਂ ਉਤੇ ਕਰੋੜਾਂ ਰੁਪਏ ‘ਲੁੱਟੇ’ ਹਨ। ਅਖਿਲੇਸ਼ ਨੇ ਕਿਹਾ ਕਿ ਜਨਮ ਅਸ਼ਟਮੀ ਮੌਕੇ ਉੱਥੇ ਬਹੁਤ ਭੀੜ ਹੁੰਦੀ ਹੈ ਪਰ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਗਏ। ਯਾਦਵ ਨੇ ਕਿਹਾ ਕਿ ਰਾਜ ਸਰਕਾਰ ਨੇ ਸੁੰਦਰੀਕਰਨ ਉਤੇ 27 ਕਰੋੜ ਰੁਪਏ ਖ਼ਰਚ ਕੀਤੇ ਸਨ। -ਪੀਟੀਆਈ